ਸਤਿ ਸ਼੍ਰੀ ਅਕਾਲ, ਲਫ਼ਜ਼ਾਂ ਦਾ ਪੁਲ 'ਤੇ ਜੀ ਆਇਆਂ ਨੂੰ

ਆਓ ਗ਼ਜ਼ਲ ਲਿਖਣੀ ਸਿੱਖੀਏ-4

Written By ਲਫ਼ਜ਼ਾਂ ਦਾ ਸੇਵਾਦਾਰ on Monday, October 11, 2010 | 1:37 AM



ਲਗਾਂ ਨੂੰ ਖ਼ਾਰਜ ਕਰਨ ਦੇ ਨਿਯਮ
ਮਾਤਰਾਵਾਂ ਦੀ ਗਿਣਤੀ ਕਰਦੇ ਸਮੇਂ ਲਘੂ-ਲਗਾਂ (ਸਿਹਾਰੀ, ਔਂਕੜ ਅਤੇ ਬਿੰਦੀ) ਤਾਂ ਹਮੇਸ਼ਾ ਹੀ ਗਿਣਤੀ ’ਚੋਂ ਖ਼ਾਰਜ਼ ਕਰ ਦਿੱਤੀਆਂ ਜਾਂਦੀਆਂ ਹਨ, ਕਿਉਂਕਿ ਉਹ ਉਚਾਰਨ ਸਮੇਂ ਕੋਈ ਸਮਾਂ ਨਹੀਂ ਲੈਂਦੀਆਂ। ਪਰ ਕਈ ਵਾਰੀ ਦੀਰਘ-ਲਗਾਂ ਨੂੰ ਵੀ ਆਪਾਂ ਬੋਲਦੇ ਸਮੇਂ  ਥੋੜ੍ਹਾ ਦਬਾ ਕੇ ਬੋਲਦੇ ਹਾਂ, ਐਸੀ ਹਾਲਤ ਵਿੱਚ ਉਹ ਵੀ ਗਿਣਤੀ ਵਿਚੋਂ ਖ਼ਾਰਿਜ਼ ਕੀਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਹੇਠ ਲਿਖੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ-

(ੳ)ਪਹਿਲੀ ਲਗ ਦਾ ਝਟਕਾ
ਕਿਸੇ ਵੀ ਲਫ਼ਜ਼ ਦੇ ਪਹਿਲੇ ਅੱਖਰ ਨਾਲ ਲੱਗੀ ਦੀਰਘ-ਲਗ ਨੂੰ (ਕੰਨੇ ਅਤੇ ਕਨੌੜੇ ਨੂੰ ਛੱਡ ਕੇ) ਗਿਣਤੀ 'ਚੋਂ ਗਿਰਾਇਆ ਜਾ ਸਕਦਾ ਹੈ। ਅਸਲ ਵਿੱਚ ਐਸੀ ਦੀਰਘ-ਲਗ ਨੂੰ ਲਘੂ-ਲਗ ਵਿੱਚ ਬਦਲ ਦਿੱਤਾ ਜਾਂਦਾ ਹੈ ਤੇ ਲਘੂ-ਲਗ ਆਪਣੇ ਆਪ ਹੀ ਗਿਣਤੀ ਵਿੱਚੋਂ ਖ਼ਾਰਿਜ਼ ਹੋ ਜਾਂਦੀ ਹੈ। ਜਿਵੇਂ ਕਿ ਬਿਹਾਰੀ, ਲਾਂ ਅਤੇ ਦੁਲਾਵਾਂ ਨੂੰ ‘ਸਿਹਾਰੀ' ਵਿੱਚ ਬਦਲ ਦਿੱਤਾ ਜਾਂਦਾ ਹੈ ਤੇ ਹੋੜੇ ਅਤੇ ਦਲੈਂਕੜੇ ਨੂੰ ‘ਔਂਕੜ' ਵਿੱਚ ਬਦਲ ਲਿਆ ਜਾਂਦਾ ਹੈ। ਇਸ ਤਰ੍ਹਾਂ ਉਹ ਗਿਣਤੀ ਤੋਂ ਖ਼ਾਰਿਜ਼ ਹੋ ਜਾਂਦੇ ਹਨ। ਉਦਾਹਰਨ ਲਈ ਇੱਕ ਸ਼ਿਅਰ ਪੜ੍ਹੋ-

 ਕਿਵੇਂ ਆਖਾਂ ਕਿ ਤੂੰ ਵਸਦਾ ਏਂ ਕੇਵਲ ਝੁੱਗੀਆਂ ਵਿਚ ਹੀ,
 ਤਿਰਾ ਘਰ ਕਿਉਂ  ਕੋਈ  ਉੱਚਾ ਚੁਬਾਰਾ ਹੋ ਨਹੀਂ ਸਕਦਾ।   (ਗੁਰਦੀਪ ਭਾਟੀਆ)

    ਇਸ ਸ਼ਿਅਰ ਦੇ ਪਹਿਲੇ ਮਿਸਰੇ ਵਿਚਲੇ ‘ਏਂ' ਦੀ ‘ਲਾਂ' ‘ਸਿਹਾਰੀ' ਬਣ ਕੇ ਗਿਰ ਜਾਵੇਗੀ, ਕਿਉਂਕਿ ਜਿਸ ਅੱਖਰ ਨਾਲ ਇਹ ਲੱਗੀ ਹੈ ਉਹ ਤਾਂ ਉਸ ਲਫ਼ਜ਼ ਦਾ ਪਹਿਲਾ ਅੱਖਰ ਵੀ ਹੈ ਤੇ ਆਖ਼ਿਰੀ ਵੀ। ਇਸ ਸ਼ਿਅਰ ਦੇ ਦੂਜੇ ਮਿਸਰੇ ਦੇ ਸ਼ੁਰੂ ਵਿੱਚ ਇੱਕ ਲਫ਼ਜ਼ ਆਇਆ ਹੈ ‘ਤਿਰਾ'। ਅਸਲ ਵਿੱਚ ਇਹ ਲਫ਼ਜ਼ ‘ਤੇਰਾ' ਹੈ। ਕਿਉਂਕਿ ਇਹ ਗ਼ਜ਼ਲ ‘ਲਘੂ-ਅੱਖਰ' ਨਾਲ ਸ਼ੁਰੂ ਹੁੰਦੀ ਹੈ ਇਸ ਲਈ ਤੱਤੇ ਨੂੰ ਲੱਗੀ ਲਾਂ, ਸਿਹਾਰੀ ਬਣਾ ਦਿੱਤੀ ਗਈ। ਇਉਂ ਇਹ ਮਿਸਰਾ ਵੀ ‘ਤਿ' ਲਘੂ-ਅੱਖਰ ਨਾਲ ਹੀ ਸ਼ੁਰੂ ਹੋ ਗਿਆ। ਇਸ ਤਰ੍ਹਾਂ ਕਿਸੇ ਵੀ ਲਫ਼ਜ਼ ਦੇ ਪਹਿਲੇ ਅੱਖਰ ਨਾਲ ਲੱਗੀ ਦੀਰਘ-ਲਗ ਨੂੰ ਲਘੂ-ਲਗ ਬਣਾ ਕੇ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ ਜਾ ਸਕਦਾ ਹੈ। ਪਰ ਉਸ ਨੂੰ ਲਿਖਤ ਵਿੱਚ ਦੀਰਘ-ਲਗ ਨਾਲ ਹੀ ਲਿਖਣਾ ਚਾਹੀਦਾ ਹੈ ਤਾਂ ਜੋ ਭਾਸ਼ਾ ਦੇ ਸ਼ਬਦ-ਜੋੜਾਂ ਵਿੱਚ ਵਿਗਾੜ ਨਾ ਆਵੇ। ਜੇ ਭਾਟੀਆ ਸਾਹਿਬ ਇਸ ਨੂੰ ‘ਤੇਰਾ' ਹੀ ਲਿਖਦੇ ਤਾਂ ਜ਼ਿਆਦਾ ਠੀਕ ਹੁੰਦਾ, ਕਿਉਂਕਿ ਫਿਰ ਵੀ ਇਸ ਦੀ ‘ਲਾਂ' ‘ਸਿਹਾਰੀ' ਬਣਾ ਕੇ ਗਿਰਾਈ ਹੀ ਜਾ ਸਕਦੀ ਸੀ। ਪਰਾਣੇ ਸ਼ਾਇਰ ਕਈ ਲਫ਼ਜ਼ਾਂ ਨੂੰ ਇਸ ਤਰ੍ਹਾਂ ਹੀ (ਤਿਰਾ, ਮਿਰਾ) ਲਿਖ ਜਾਂਦੇ ਹਨ। ਅੱਜ-ਕੱਲ੍ਹ ਇਸ ਦਾ ਰਿਵਾਜ਼ ਨਹੀਂ ਰਹਿ ਗਿਆ। ਇਸ ਸ਼ਿਅਰ ਦੇ ਦੂਜੇ ਮਿਸਰੇ ਵਿਚਲੇ ‘ਕੋਈ' ਲਫ਼ਜ਼ ਦੇ ‘ਕੋ' ਦਾ ਵੀ ‘ਹੋੜਾ' ਲਘੂ ਹੋ ਕੇ ‘ਔਂਕੜ' ਬਣ ਜਾਵੇਗਾ ਤੇ ਇਸ ਤਰ੍ਹਾਂ ਗਿਣਤੀ ਵਿੱਚੋਂ ਜਾਇਜ਼ ਤੌਰ 'ਤੇ ਗਿਰ ਜਾਵੇਗਾ, ਤੇ ਲਫ਼ਜ਼ ਬਣ ਜਾਵੇਗਾ ‘ਕੁਈ'। ਇਸ ਦੀ ਤਕਤੀਹ ਇਸ ਤਰ੍ਹਾਂ ਹੋਵੇਗੀ-

ਮੁ ਫ਼ਾ ਈ ਲੁਨ   ਮੁ ਫ਼ਾ ਈ ਲੁਨ     ਮੁ  ਫ਼ਾ  ਈ  ਲੁਨ     ਮੁ  ਫ਼ਾ   ਈ   ਲੁਨ
I  S  S  S      I  S  S  S      I   S   S   S      I   S    S   S 
ਕਿ ਵੇਂ ਆ ਖਾਂ    ਕਿ ਤੂੰ ਵਸ ਦਾ    ਇਂ  ਕੇ ਵਲ ਝੁੱ       ਗਿ ਯਾਂ  ਵਿਚ ਹੀ
ਤਿ ਰਾ ਘਰ ਕਿਉਂ ਕੁ ਈ  ਉੱ ਚਾ    ਚੁ  ਬਾ  ਰਾ ਹੋ        ਨ  ਹੀਂ  ਸਕ  ਦਾ

ਇਸ ਸ਼ਿਅਰ ਦੀ ਤਕਤੀਹ ਕਰਦਿਆਂ ‘ਝੁੱਗੀਆਂ' ਨੂੰ ‘ਝੁੱਗਿਯਾਂ' ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਅੱਗੇ ਜਾ ਕੇ ਦੱਸਿਆ ਜਾਵੇਗਾ।

(ਅ) ਪਿੱਛੇ ਰਹੀ, ਸੋ ਗਈ
ਲੋੜ ਪੈਣ ਤੇ ਕਿਸੇ ਵੀ ਲਫ਼ਜ਼ ਦੇ ਆਖ਼ਿਰੀ ਅੱਖਰ ਨਾਲ ਲੱਗੀ ਲਗ ਨੂੰ ਵੀ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ, ਗਿਰਾ ਦਿੱਤਾ ਜਾਂ ਉਡਾ ਦਿੱਤਾ ਜਾ ਸਕਦਾ ਹੈ। ਐਸੀ ਲਗ ਨੂੰ ਲਘੂ ਕਰਨ ਦੀ ਵੀ ਲੋੜ ਨਹੀਂ ਹੁੰਦੀ ਤੇ ਇਸ ਥਾਂ ਤੇ ਆਏ ‘ਕੰਨਾਂ' ਅਤੇ ‘ਕਨੌੜੇ' ਨੂੰ ਵੀ ਗਿਰਾਇਆ ਜਾ ਸਕਦਾ ਹੈ। ਉਦਾਹਰਨ ਲਈ ਇੱਕ ਸ਼ਿਅਰ ਪੜ੍ਹੋ-

   ਗ਼ੈਰਾਂ ਦੇ ਪਿੱਛੇ ਫਿਰਦੈਂ, ਮੈਨੂੰ ਵੀ ਛੱਡਦਾ ਨਹੀਂ,
    ਮੈਨੂੰ ਸਮਝ ਨਾ ਆਵੇ, ਇਹ ਕੀ ਮੁਆਮਲਾ ਹੈ।       (ਸਰਬਜੀਤ ਦਰਦੀ)   

    ਇਸ ਸ਼ਿਅਰ ਦਾ ਵਜ਼ਨ ਵਿੱਚ ‘ਮਫ਼ਊਲ, ਫ਼ਾਇਲਾਤੁਨ, ਮਫ਼ਊਲ, ਫ਼ਾਇਲਾਤੁਨ' ਰੁਕਨ ਵਰਤੇ ਗਏ ਹਨ। ਪਰ ਤਕਤੀਹ ਕਰਨ ਤੇ ਪਤਾ ਲੱਗਦਾ ਹੈ ਕਿ ਪਹਿਲੇ ਮਿਸਰੇ ਵਿਚਲੇ ‘ਦੇ' ਅਤੇ ‘ਵੀ' ਦੀਆਂ ਲਗਾਂ ਵਜ਼ਨ ਤੋਂ ਵਾਧੂ ਹਨ। ਇਹ ਦੋਵੇਂ ਲਗਾਂ ਆਪਣੇ ਆਪਣੇ ਲਫ਼ਜ਼ ਦੇ ਪਹਿਲੇ ਹੀ ਅੱਖਰ ਨਾਲ ਲੱਗੀਆਂ ਹੋਈਆਂ ਹਨ, ਇਸ ਲਈ ਇਹਨਾਂ ਨੂੰ ਲਘੂ ਕਰਕੇ ‘ਸਿਹਾਰੀਆਂ' ਕਰ ਲਿਆ ਗਿਆ ਅਤੇ ਗਿਣਤੀ ਵਿੱਚੋਂ ਖ਼ਾਰਿਜ਼ ਕਰ ਦਿੱਤਾ ਗਿਆ। ਫਿਰ ‘ਪਿੱਛੇ' ਦੀ ਆਖ਼ਿਰੀ ‘ਲਾਂ', ਅਤੇ ‘ਨਹੀਂ' ਦੀ ਆਖ਼ਿਰੀ ‘ਬਿਹਾਰੀ' ਵਜ਼ਨ ਅਨੁਸਾਰ ਵਾਧੂ ਹਨ। ਕਿਉਂਕਿ ਇਹ ਦੋਵੇਂ ਲਗਾਂ ਆਪਣੇ ਆਪਣੇ ਲਫ਼ਜ਼ਾਂ ਦੇ ਆਖ਼ਿਰੀ ਅੱਖਰਾਂ ਨਾਲ ਲੱਗੀਆਂ ਹੋਈਆਂ ਹਨ, ਇਸ ਲਈ ਇਹਨਾਂ ਨੂੰ ਜਾਇਜ਼ ਤੌਰ 'ਤੇ ਗਿਰਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦੂਜੇ ਮਿਸਰੇ ਦੇ ‘ਨਾ' ਦਾ ਕੰਨਾਂ ਵੀ ਵਜ਼ਨ ਤੋਂ ਵਾਧੂ ਹੈ, ਇਸ ਲਈ ਇਸ ਨੂੰ ਵੀ ਗਿਰਾ ਦਿੱਤਾ ਗਿਆ। ਆਉ ਇਸ ਸ਼ਿਅਰ ਦੀ ਤਕਤੀਹ ਕਰਕੇ ਵੇਖੀਏ-


ਮਫ਼  ਊ   ਲ     ਫ਼ਾ    ਇ    ਲਾ    ਤੁਨ       ਮਫ਼  ਊ   ਲ     ਫ਼ਾ  ਇ  ਲਾ  ਤੁਨ   
S     S    I      S     I     S     S        S     S    I      S   I    S    S    
ਗ਼ੈ    ਰਾਂ   ਦਿ    ਪਿੱ   ਛ   ਫਿਰ     ਦੈਂ        ਮੈ     ਨੂੰ   ਵਿ    ਛੱ  ਡ   ਦਾ   ਨਹਂ
ਮੈ     ਨੂੰ   ਸ    ਮਝ   ਨ    ਆ     ਵੇ        ਇਹ   ਕੀ   ਮੁ    ਆ  ਮ   ਲਾ    ਹੈ

(ੲ) ਅੰਦਰਲੀਆਂ ਲਗਾਂ
ਕਿਸੇ ਵੀ ਲਫ਼ਜ਼ ਦੇ ਵਿਚਲੇ ਅੱਖਰਾਂ ਨਾਲ ਲੱਗੀ ਲਗ ਕਿਸੇ ਵੀ ਹਾਲਤ ਵਿੱਚ ਗਿਰਾਈ ਨਹੀਂ ਜਾ ਸਕਦੀ।

(ਸ)ਅੱਧਕ ਤੇ ਟਿੱਪੀ
ਲੋੜ ਅਨੁਸਾਰ ‘ਅੱਧਕ' ਲਗ ਨੂੰ ਵੀ ਗਿਣਤੀ ਵਿੱਚੋਂ ਖ਼ਾਰਜ਼ ਕੀਤਾ ਜਾ ਸਕਦਾ ਹੈ। ਕਿਉਂਕਿ ਗ਼ਜ਼ਲ ਇੱਕ ਨਾਜ਼ੁਕ ਸਿਨਫ਼ ਹੈ। ਨਾਲ ਹੀ ਇਹ ਗਾਏ ਜਾਣ ਵਾਲੀ ਵਿਧਾ ਹੈ। ਇਸ ਲਈ ਇਹ ਭਾਰੇ ਲਫ਼ਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਲਈ ‘ਅੱਧਕ' ਅਤੇ ਮੁਕਤੇ ਵਾਲੀ ‘ਟਿੱਪੀ' ਦਾ ਗਾਇਨ ਵਿੱਚ ਸਹੀ ਉਚਾਰਨ ਕਰਨਾ ਗਾਇਕ ਵਾਸਤੇ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਾਰਨ ਜਾਂ ਤਾਂ ਮੁਕਤੇ ਅੱਖਰ ਵਾਲੀ ‘ਟਿੱਪੀ' ਅਤੇ ‘ਅਧਿਕ' ਤੋਂ ਲਿਖਣ ਸਮੇਂ ਹੀ ਪਰਹੇਜ਼ ਕੀਤਾ ਜਾਂਦਾ ਹੈ ਜਾਂ ਇਹ ਦੋਵੇਂ ਲਗਾਂ ਤਕਤੀਹ ਕਰਦੇ ਸਮੇਂ ਗਿਰਾ (ਗਿਣਤੀ 'ਚੋਂ ਖ਼ਾਰਿਜ਼) ਦਿੱਤੀਆਂ ਜਾਂਦੀਆਂ ਹਨ। ਪਰ ਕਈ ਵਾਰ ਇਹ ਦੋਵੇਂ ਲਗਾਂ (ਅੱਧਕ ਅਤੇ ਟਿੱਪੀ) ਐਸੀਂ ਥਾਂ ਲੱਗੀਆਂ ਹੁੰਦੀਆਂ ਹਨ ਕਿ ਇਹਨਾਂ ਦੇ ਉਡਾਉਣ ਨਾਲ ਉਸ ਲਫ਼ਜ਼ ਦਾ ਉਚਾਰਨ ਸੰਭਵ ਹੀ ਨਹੀਂ ਰਹਿ ਜਾਂਦਾ ਜਾਂ ਉਚਾਰਨ ਵਿਗੜ ਜਾਂਦਾ ਹੈ, ਉੱਥੇ ਆਪਣੀ ਸਮਝ ਅਨੁਸਾਰ ਫ਼ੈਸਲਾ ਲੈ ਲੈਣਾ ਚਾਹੀਦਾ ਹੈ। ਜਿਵੇਂ-

    ਇਹ ਹੈ ਚਕੋਰ ਦਾ ਕੰਮ,  ਉਹ ਚੰਦ ਵੱਲ ਤੱਕੇ,
    ਅੱਜ ਚੰਦ ਤੱਕਦਾ ਏ, ਹੋਇਆ ਕਮਾਲ ਕਿੱਦਾਂ?         (ਅਮਰੀਕ ਗ਼ਾਫ਼ਿਲ)

ਇਸ ਦੀ ਤਕਤੀਹ ਇਸ ਤਰ੍ਹਾਂ ਹੋਵੇਗੀ-

ਮਫ਼    ਊ    ਲ    ਫ਼ਾ  ਇ   ਲਾ   ਤੁਨ        ਮਫ਼   ਊ   ਲ     ਫ਼ਾ  ਇ  ਲਾ    ਤੁਨ
S      S    I     S    I     S     S         S     S    I      S   I    S     S
ਇਹ   ਹੈ    ਚ    ਕੋ   ਰ    ਦਾ   ਕਮ         ਉਹ  ਚੰ    ਦ   ਵੱ   ਲ   ਤੱ      ਕੇ
ਅਜ   ਚੰ   ਦ    ਤੱ    ਕ    ਦਾ    ਏ           ਹੋ    ਯਾ    ਕ    ਮਾ   ਲ  ਕਿੱ   ਦਾਂ


    ਇਸ ਅਨੁਸਾਰ ਤਕਤੀਹ ਕਰਦਿਆਂ ‘ਕੰਮ' ਦੀ ਟਿੱਪੀ ਅਤੇ ‘ਅੱਜ'  ਦਾ ਅਧਿੱਕ ਗਿਰਾ ਦਿੱਤਾ ਗਿਆ ਹੈ, ਜੋ ਅਸੂਲਨ ਵੀ ਠੀਕ ਹੈ ਤੇ ਗਾਉਣ ਵਾਲਾ ਵੀ ਇਹਨਾਂ ਲਗਾਂ 'ਤੇ ਜ਼ੋਰ ਨਹੀਂ ਦੇਵੇਗਾ ਤਾਂ ਗਾਇਨ ਸੁੰਦਰ ਹੋ ਜਾਵੇਗਾ ਪਰ ‘ਚੰਦ' ਦੀ ਟਿੱਪੀ ਅਤੇ ‘ਵੱਲ', ‘ਤੱਕੇ', ‘ਤੱਕਦਾ' ਤੇ ‘ਕਿੱਦਾਂ' ਦੇ ਅਧਿਕ ਤਕਤੀਹ ਕਰਦੇ ਸਮੇਂ ਵੀ ਗਿਰਾਏ ਨਹੀਂ ਗਏ, ਕਿਉਂਕਿ ਇਹਨਾਂ ਦੀ ਥਾਂ ਤੇ ਇੱਕ-ਇੱਕ ਮਾਤਰਾ ਦੀ ਲੋੜ ਹੈ। ਇਹਨਾਂ ਲਫ਼ਜ਼ਾਂ ਦਾ ਪੂਰਾ ਉਚਾਰਨ ਪੜ੍ਹਨ ਵਾਲਾ ਤਾਂ ਔਖਾ-ਸੌਖਾ ਕਰ ਲਵੇਗਾ ਪਰ ਗਾਉਣ ਵਾਲੇ ਵਾਸਤੇ ਇਸ ਦਾ ਸਹੀ ਉਚਾਰਨ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ। ਇਸ ਲਈ ਭਾਵੇਂ ਮੈਂ ਖ਼ੁਦ ਵੀ ‘ਅਧਿੱਕ' ਅਤੇ ‘ਟਿੱਪੀ' ਦੀ ਵਰਤੋਂ ਆਪਣੇ ਸ਼ਿਅਰਾਂ ਵਿੱਚ ਕਾਫ਼ੀ ਕਰਦਾ ਹਾਂ ਪਰ ਇਹ ਸੱਚ ਹੈ ਕਿ ਗਾਏ ਜਾਣ ਵਾਲੀਆਂ ਗ਼ਜ਼ਲਾਂ ਵਿੱਚ ਇਹਨਾਂ ਲਗਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
    ਇਸ ਸ਼ਿਅਰ ਦੀ ਤਕਤੀਹ ਕਰਦਿਆਂ ਹੋਇਆਂ ‘ਹੋਇਆ' ਨੂੰ ‘ਹੋਯਾ' ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਅੱਗੇ ਜਾ ਕੇ ਦੱਸਿਆ ਜਾਵੇਗਾ।

ਤਕਤੀਹ ਕਰਨ ਦੇ ਕੁਝ ਹੋਰ ਨਿਯਮ
ਕਾਵਿ-ਕਲਾ ਬੋਲਣ ਅਤੇ ਗਾਉਣ ਨਾਲ ਸੰਬੰਧ ਰੱਖਦੀ ਹੈ ਨਾ ਕਿ ਲਿਖਣ ਨਾਲ। ਬਹੁਤ ਵਾਰ ਅਸੀਂ ਕਿਸੇ ਲਫ਼ਜ਼ ਨੂੰ ਲਿਖਦੇ ਕੁਝ ਹੋਰ ਤਰ੍ਹਾਂ ਹਾਂ ਤੇ ਉਚਾਰਦੇ ਕੁਝ ਹੋਰ ਤਰ੍ਹਾਂ ਹਾਂ। ਜਿਵੇਂ ਕਿ- ‘ਆਉਂਦਾ, ਕਮਾਉਂਦਾ, ਵਧਾਉਂਦਾ' ਲਫ਼ਜ਼ਾਂ ਨੂੰ ਅਸੀਂ ਆਮ ਤੌਰ 'ਤੇ ‘ਔਂਦਾ, ਕਮੌਂਦਾ, ਵਧੌਂਦਾ' ਵਾਂਗ ਹੀ ਉਚਾਰਦੇ ਹਾਂ, ਸੋ ਇਹੋ ਜਿਹੇ (ਕੰਨਾਂ + ਉ ਵਾਲੇ) ਲਫ਼ਜ਼ਾਂ  ਦੀਆਂ ਮਾਤਰਾਵਾਂ ਦੀ ਗਿਣਤੀ (ਤਕਤੀਹ) ਉਚਾਰਨ ਅਨੁਸਾਰ ਹੀ ਕਰਨੀ ਚਾਹੀਦੀ ਹੈ। ਉਦਾਹਰਨ ਤੇ ਤੌਰ 'ਤੇ ‘ਆਉਂਦਾ'  ਆ + ਉਂ + ਦਾ  5 ਮਾਤਰਾਵਾਂ ਗਿਣਨਾ ਗ਼ਲਤ ਹੈ ਜਦ ਕਿ ਉਸੇ ਨੂੰ ‘ਔਂ + ਦਾ'  4 ਮਾਤਰਾਵਾਂ ਗਿਣਨਾ ਠੀਕ ਹੋਵੇਗਾ। ਅਸਲ ਵਿੱਚ ‘ਕੰਨਾਂ ਅਤੇ ਊੜੇ ਨੂੰ ਔਂਕੜ' ਰਲ ਕੇ ਕਨੌੜੇ ਦੀ ਹੀ ਆਵਾਜ਼ ਦਿੰਦੇ ਹਨ ਅਤੇ ਉਹਨਾਂ ਦੋਹਾਂ ਨੂੰ ਇੱਕ ਕਨੌੜੇ ਦੇ ਬਰਾਬਰ, ਇੱਕ ਮਾਤਰਾ ਦੇ ਤੌਰ 'ਤੇ ਹੀ ਗਿਣਿਆ ਜਾਣਾ ਚਾਹੀਦਾ ਹੈ।

ਚੁੱਪ-ਅੱਖਰਾਂ ਦਾ ਖੌਰੂ
    ਇੱਕ ਲੋਕ-ਕਥਾ ਮੁਤਾਬਕ ਆਪਣੇ ਖੇਤ ਵਿੱਚ ਕੰਮ ਕਰਦੇ ਇੱਕ ਕਿਸਾਨ ਨੇ ਵੇਖਿਆ ਕਿ ਕੁਝ ਰਾਗੀ-ਲੋਕ ਰੋਜ਼ਾਨਾ ਸਵੇਰੇ ਉਸ ਦੇ ਕੋਲੋਂ ਲੰਘ ਕੇ ਅੱਗੇ ਜਾਂਦੇ ਨੇ ਤੇ ਕੁਝ ਹੀ ਦੇਰ ਮਗਰੋਂ ਉਹ ਬੜੇ ਹੱਸਦੇ-ਖੇਡਦੇ ਫਿਰ ਵਾਪਸ ਪਰਤ ਜਾਂਦੇ ਨੇ। ਇੱਕ ਦਿਨ ਉਸ ਨੇ ਉਹਨਾਂ ਤੋਂ ਪੁੱਛ ਹੀ ਲਿਆ ਕਿ ਤੁਸੀਂ ਕਿੱਥੇ ਜਾਂਦੇ ਹੋ ਤੇ ਕੀ ਕਰਕੇ ਵਾਪਸ ਆਉਂਦੇ ਹੋ? ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਰਾਜੇ ਦੇ ਦਰਬਾਰ ਵਿੱਚ ਜਾਂਦੇ ਹਾਂ ਤੇ ਉੱਥੇ ਆਪਣੇ ਸਾਜ਼ਾਂ ਨਾਲ ਰਾਗ ਗਾ ਕੇ ਸੁਣਾਉਂਦੇ ਹਾਂ। ਰਾਜਾ ਸਾਨੂੰ ਬਹੁਤ ਇਨਾਮ ਦਿੰਦਾ ਹੈ ਤੇ ਅਸੀਂ ਵਾਪਸ ਆ ਜਾਂਦੇ ਹਾਂ। ਕਿਸਾਨ ਨੇ ਕੁਝ ਸੋਚਿਆ ਤੇ ਬੋਲਿਆ ਕਿ ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਇਆ ਕਰੋ, ਮੈਂ ਵੀ ਤੁਹਾਡੇ ਨਾਲ ਆਪਣਾ ਸਾਜ਼ ਵਜਾਇਆ ਕਰਾਂਗਾ। ਰਾਗੀ ਮੰਨ ਗਏ। ਅਗਲੇ ਦਿਨ ਕਿਸਾਨ ਵੀ ਆਪਣਾ ਹਲ ਮੋਢ੍ਹੇ 'ਤੇ ਰੱਖ ਕੇ ਰਾਗੀਆਂ ਨਾਲ ਦਰਬਾਰ ਵਿੱਚ ਚਲਿਆ ਗਿਆ। ਜਦੋਂ ਰਾਗੀ ਆਪਣਾ ਆਪਣਾ ਸਾਜ਼ ਵਜਾ ਕੇ ਗਾ ਰਹੇ ਸਨ ਤਾਂ ਕਿਸਾਨ ਵੀ ਆਪਣੀ ਪਰੈਣੀ (ਸੋਟੀ) ਨੂੰ ਹਲ ਉੱਤੇ ਫੇਰ ਫੇਰ ਕੇ ਝੂਮ ਰਿਹਾ ਸੀ। ਰਾਜਾ ਇਸ ਨਵੇਂ ਸਾਜ਼ ਨੂੰ ਵੇਖ ਕੇ ਬੜਾ ਹੈਰਾਨ ਹੋਇਆ। ਉਸ ਨੇ ਪੁੱਛਿਆ ਕਿ ਇਹ ਕੈਸਾ ਸਾਜ਼ ਹੈ ਤੇ ਇਸ ਦਾ ਨਾਂ ਕੀ ਹੈ? ਤਾਂ ਕਿਸਾਨ ਨੇ ਦੱਸਿਆ ਕਿ ਇਹਦਾ ਨਾਮ ‘ਸ਼ਾਮਿਲ-ਵਾਜਾ' ਹੈ। ਤਾਂ ਰਾਜੇ ਨੇ ਪੁੱਛਿਆ ਕਿ ਮੈਂ ਇਸ ਦੀ, ਇਕੱਲੇ ਦੀ ਆਵਾਜ਼ ਸੁਣਨਾ ਚਾਹੁੰਦਾ ਹਾਂ। ਇਹ ਸਾਜ਼ ਇਕੱਲਾ ਹੀ ਵਜਾ ਕੇ ਮੈਨੂੰ ਇਸ ਦੀ ਆਵਾਜ਼ ਸੁਣਾਓ। ਤਾਂ ਕਿਸਾਨ ਬੋਲਿਆ, ‘ਮਹਾਂਰਾਜ ਮੈਂ ਦੱਸਿਆ ਹੈ ਨਾ, ਕਿ ਇਹ ‘ਸ਼ਾਮਿਲ-ਵਾਜਾ' ਹੈ ਇਹ ਬਾਕੀ ਸਾਜ਼ਾਂ ਨਾਲ ਸ਼ਾਮਿਲ ਹੋ ਕੇ ਹੀ ਵੱਜ ਸਕਦਾ ਹੈ, ਇਹ ਇਕੱਲਾ ਵੱਜ ਹੀ ਨਹੀਂ ਸਕਦਾ।'
    ਇਸੇ ਤਰਾਂ ਗੁਰਮੁਖੀ ਅੱਖਰਾਂ ਵਿੱਚ ਵੀ ਕੁਝ ਅੱਖਰ ‘ਸ਼ਾਮਿਲ-ਵਾਜੇ' ਹੀ ਹੁੰਦੇ ਹਨ। ਉਹ ਆਪਣੇ ਆਪ ਵਿੱਚ ਆਪਣੀ ਕੋਈ ਆਵਾਜ਼ ਨਹੀਂ ਰੱਖਦੇ, ਇਹ ‘ਚੁੱਪ-ਅੱਖਰ' ਹਨ, ਪਰ ਜਦੋਂ ਕੋਈ ‘ਲਗ' ਉਹਨਾਂ ਨਾਲ ਆ ਸ਼ਾਮਿਲ ਹੁੰਦੀ ਹੈ ਤਾਂ ਉਹ ਉਸ ਲਗ ਵਾਲੀ ਆਵਾਜ਼ ਕੱਢ ਦਿੰਦੇ ਹਨ। ਇਹ ਅੱਖਰ ਹਨ- ‘ੳ, ਅ, ੲ'। ਇਹਨਾਂ ਨੂੰ ‘ਸਵਰ-ਅੱਖਰ' ਕਿਹਾ ਜਾਂਦਾ ਹੈ। ਉਰਦੂ ਵਿੱਚ ਇਹਨਾਂ ਨੂੰ ‘ਹਰਫ਼ਿ-ਇੱਲਤ' ਕਹਿੰਦੇ ਹਨ। ਸ਼ਾਇਦ ਇਹਨਾਂ ਦਾ ਇਲਤੀ-ਸੁਭਾਅ (ਸ਼ਰਾਰਤੀ-ਸੁਭਾਅ) ਹੋਣ ਕਾਰਨ ਹੀ ਇਹਨਾਂ ਦਾ ਨਾਮ ‘ਹਰਫ਼ਿ-ਇੱਲਤ' ਪੈ ਗਿਆ ਹੋਵੇ। ਇਹਨਾਂ ਚੁੱਪ-ਅੱਖਰਾਂ ਨੇ ਲਗਾਂ ਵੀ ਆਪਸ ਵਿੱਚ ਵੰਡੀਆਂ ਹੋਈਆਂ ਹਨ। ਜਿਵੇਂ-
    ‘ੳ'  ਨਾਲ ਔਂਕੜ, ਦੁਲੈਂਕੜੇ, ਹੋੜਾ ਆਦਿ ਦੀਆਂ ਲਗਾਂ ਲੱਗਦੀਆਂ ਹਨ।
          ਜਿਵੇਂ: ਉਹ, ਊਠ ਅਤੇ ਓਬੜ ਵਿੱਚ।
    ‘ਅ'  ਨਾਲ ਕੰਨਾਂ, ਦੁਲਾਵਾਂ, ਕਨੌੜਾ ਆਦਿ ਦੀਆਂ ਲਗਾਂ ਲੱਗਦੀਆਂ ਹਨ।
          ਜਿਵੇਂ: ਆਪ, ਐਪਰ ਅਤੇ ਔਕੜ ਵਿੱਚ।
    ‘ੲ'   ਨਾਲ ਸਿਹਾਰੀ, ਬਿਹਾਰੀ, ਲਾਂ, ਆਦਿ ਦੀਆਂ ਲਗਾਂ ਲੱਗਦੀਆਂ ਹਨ।
          ਜਿਵੇਂ: ਇਸ, ਈਸ਼ਵਰ, ਏਧਰ, ਵਿੱਚ।
    ਇਕੱਲੀ ਟਿੱਪੀ ਕੇਵਲ ‘ਅ' ਨਾਲ ਹੀ ਲੱਗਦੀ ਹੈ। ਜਿਵੇਂ: ਅੰਬ ਵਿੱਚ। ਹੋਰ ਲਗਾਂ ਨਾਲ ਲੱਗਣ ਵਾਲੀ ਟਿੱਪੀ ‘ੳ' ਅਤੇ ‘ੲ' ਨਾਲ ਵੀ ਲੱਗ ਸਕਦੀ ਹੈ। 
ਜਿਵੇਂ:‘ਉੰਨ' ਵਿੱਚ ‘ੳ' ਨਾਲ ਅਤੇ ‘ਇੰਞਣ' ਜਾਂ ‘ਇੰਜਣ' ਵਿੱਚ ‘ੲ' ਨਾਲ। ਪਰ ਇਸ ਨਾਲ ਕੋਈ ਹੋਰ ਲਗ ਵੀ ਲੱਗੀ ਹੋਣੀ ਚਾਹੀਦੀ ਹੈ।
    ਇਹ ‘ਹਰਫ਼ਿ-ਇੱਲਤ' ਹੋਰ ਵੀ ਬਹੁਤ ਇਲਤਾਂ ਕਰਦੇ ਨਜ਼ਰ ਆਉਂਦੇ ਹਨ। ਜਿਵੇਂ ਕਿ:
(ੳ) ਅੱਖਰਾਂ ਦੀ ਸੰਧੀ:- ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਲਫ਼ਜ਼ ਤੋਂ ਪਹਿਲਾਂ ਜੇ ਕੋਈ ਐਸਾ ਲਫ਼ਜ਼ ਆਉਂਦਾ ਦਿੱਸੇ ਜਿਸ ਦਾ ਆਖ਼ਿਰੀ ਅੱਖਰ ‘ਮੁਕਤਾ' (ਕਿਸੇ ਵੀ ਲਗ ਤੋਂ ਮੁਕਤ) ਹੋਵੇ ਤਾਂ ਇਹ ਇਲਤੀ-ਅੱਖਰ ਆਪਣੀ ਲਗ ਉਸ ਮੁਕਤੇ-ਅੱਖਰ ਦੇ ਸਿਰ 'ਤੇ ਰੱਖਕੇ ਆਪ ਆਪਣੀ ਥਾਂ ਤੋਂ ਗਾਇਬ ਹੀ ਹੋ ਜਾਂਦੇ ਹਨ। ਉਦਾਹਰਨ ਲਈ ਆਪਾਂ ਤ੍ਰੈਲੋਚਨ ‘ਲੋਚੀ' ਦਾ ਇੱਕ ਸ਼ਿਅਰ ਲੈਂਦੇ ਹਾਂ:

     ਦਿੱਲੀ  ਦਾ  ਦਰਬਾਰ  ਓ ਲੋਕਾ।
    ਰੂਹ 'ਤੇ ਬਣਿਆ ਭਾਰ ਓ ਲੋਕਾ।

    ਇਸ ਸ਼ਿਅਰ ਵਿੱਚ ‘ਓ' ਲਫ਼ਜ਼ ਵਿੱਚ ‘ੳ' ਸਵਰ-ਅੱਖਰ ਹੈ, ਜਿਸ ਨੂੰ ‘ਹੋੜਾ' ਲਗ ਲੱਗੀ ਹੋਈ ਹੈ। ਭਾਵੇਂ ਅਸੂਲਨ ਇਹ ‘ਹੋੜਾ' ਗਿਰਾਇਆ ਵੀ ਜਾ ਸਕਦਾ ਹੈ ਪਰ ਇੱਥੇ ਆਪਾਂ ਇਸ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਇਸ ‘ਓ' ਨੇ ਆਪਣਾ ‘ਹੋੜਾ' ਆਪਣੇ ਤੋਂ ਪਹਿਲੇ ਲਫ਼ਜ਼ ਦੇ ਆਖ਼ਿਰੀ ਮੁਕਤੇ ਅੱਖਰ ਦੇ ਸਿਰ 'ਤੇ ਰੱਖ ਦਿੱਤਾ ਤੇ ਆਪ ਉਸ ਤੋਂ ਮੁਕਤ ਹੋ ਗਿਆ, ਨਾਲ ਹੀ ਆਪ ਅਲੋਪ ਹੋ ਗਿਆ। ਹੁਣ ਇਸ ਕਿਰਿਆ ਤੋਂ ਮਗਰੋਂ ਸਾਡੇ ਕੋਲ ਲਫ਼ਜ਼ ਰਹਿ ਗਿਆ ‘ਦਰਬਾਰੋ ਲੋਕਾ'। ਜਦ ਕਿ ਦੂਜੇ ਮਿਸਰੇ ਵਿੱਚ ਬਣ ਗਿਆ ‘ਭਾਰੋ ਲੋਕਾ'। ਇਸ ਇਲਤ ਨੂੰ ਆਪਾਂ ‘ਅਖਰਾਂ ਦੀ ਸੰਧੀ' ਕਰਨਾ ਵੀ ਆਖ ਸਕਦੇ ਹਾਂ। ਇਸ ਮੱਦ ਅਧੀਨ ਆਏ ਲਫ਼ਜ਼ਾਂ ਦੀ ਤਕਤੀਹ ਕਰਦੇ ਸਮੇਂ ਸੰਧੀ ਉਪਰੰਤ ਪ੍ਰਾਪਤ ਲਫ਼ਜ਼ ਦੇ ਵਜ਼ਨ ਅਨੁਸਾਰ ਹੀ ਤਕਤੀਹ ਕਰਾਂਗੇ ਜਿਵੇਂ ਕਿ-

    ਫ਼ੇ     ਲੁਨ      ਫ਼ੇ    ਲੁਨ      ਫ਼ੇ   ਲੁਨ      ਫ਼ੇ    ਲੁਨ   
    ਦਿੱ    ਲੀ       ਦਾ    ਦਰ      ਬਾ    ਰੋ       ਲੋ     ਕਾ
    ਰੂ(ਹ)  ਤੇ       ਬਣਿ   ਆ      ਭਾ    ਰੋ       ਲੋ     ਕਾ


    ਇਸ ਤਰ੍ਹਾਂ ਅਸਾਂ ‘ੳ' ਅੱਖਰ ਨੂੰ ਗਾਇਬ ਕਰਕੇ ਉਸ ਨੂੰ ਅੱਖਰਾਂ ਦੀ ਗਿਣਤੀ ਤੋਂ ਬਾਹਰ ਰੱਖਣ ਵਿੱਚ ਜਾਇਜ਼ ਤੌਰ 'ਤੇ ਕਾਮਯਾਬੀ ਹਾਸਿਲ ਕਰ ਲਈ। ਇਸ ਸ਼ਿਅਰ ਵਿਚਲੇ ਲਫ਼ਜ਼ ‘ਰੂਹ' ਦਾ ‘ਹ' ਅਸੀਂ ਪਹਿਲਾਂ ਦੱਸੇ ਅਸੂਲ ਅਨੁਸਾਰ ਗਿਣਤੀ ਤੋਂ ਬਾਹਰ ਰੱਖ ਹੀ ਸਕਦੇ ਹਾਂ।

(ਅ) ਦੀਰਘ ਲਗ ਲਘੂ ਕਰਨੀ:- ਕਿਸੇ ਲਫ਼ਜ਼ ਵਿੱਚ ਆਏ ਕਿਸੇ ਸਵਰ-ਅੱਖਰ ਤੋਂ ਪਹਿਲੇ ਅੱਖਰ ਨੂੰ ਜੇ ਕੋਈ ਦੀਰਘ-ਲਗ ਲੱਗੀ ਹੋਈ ਹੋਵੇ ਤਾਂ ਇਹ ਸਵਰ-ਅੱਖਰ ਉਸ ਦੀਰਘ-ਲਗ ਨੂੰ ਲਘੂ-ਲਗ ਵਿੱਚ ਬਦਲ ਦਿੰਦਾ ਹੈ। ਅਤੇ ਉਸ ਲਫ਼ਜ਼ ਦੀ ਤਕਤੀਹ ਵੀ ਬਦਲੇ ਹੋਏ ਰੂਪ ਵਿੱਚ ਹੀ ਕਰਨੀ ਚਾਹੀਦੀ ਹੈ, ਉਸ ਨੂੰ ਲਿਖਿਆ ਭਾਵੇਂ ਮੂਲ-ਰੂਪ ਵਿੱਚ ਹੀ ਜਾਵੇ। ਇਸ ਨੂੰ ਹੇਠ ਲਿਖੇ ਉਨੁਵਾਨ ਅਧੀਨ ਸਮਝਿਆ ਜਾਵੇ।

(ੲ) ਬਿਹਾਰੀ ਨਾਲ ਸਵਰ-ਅੱਖਰ ਦੀ ਸੰਧੀ- ਲਫ਼ਜ਼ ‘ਲੜਕੀਆਂ' ਵਿੱਚ ‘ਅ' ਸਵਰ-ਅੱਖਰ ਹੈ ਤੇ ਉਸ ਤੋਂ ਪਹਿਲੇ ਅੱਖਰ ‘ਕ' ਨੂੰ ‘ਬਿਹਾਰੀ' ਦੀ ਦੀਰਘ-ਲਗ ਲੱਗੀ ਹੋਈ ਹੈ। ਇੱਥੇ ‘ਅ' ਆਪਣੇ ਤੋਂ ਪਹਿਲੇ ਅੱਖਰ ਨਾਲ ਲੱਗੀ ਬਿਹਾਰੀ ਨੂੰ ਸਿਹਾਰੀ ਵਿੱਚ ਬਦਲ ਦੇਵੇਗਾ। ਤਾਂ ਸਾਡੇ ਕੋਲ ਲਫ਼ਜ਼ ਰਹਿ ਜਾਵੇਗਾ ‘ਲੜਕਿਆਂ'। ਭਾਵੇਂ ਇਹ ਲਫ਼ਜ਼ ‘ਲੜਕੀਆਂ' ਨਾ ਹੋ ਕੇ ‘ਲੜਕੀਆਂ' ਦੇ ਪੁਲਿੰਗ ‘ਲੜਕਿਆਂ' ਵਰਗਾ ਹੀ ਹੋ ਗਿਆ ਪਰ ਇਸ ਦੀ ਤਕਤੀਹ ਅਸੀਂ ‘ਲੜਕਿਆਂ' ਵਾਂਗ ਹੀ ਕਰਾਂਗੇ ਕਿਉਂਕਿ ਅਸੀਂ ਇਸ ਨੂੰ ਉਚਾਰਦੇ ਵੀ ਇਸੇ ਤਰ੍ਹਾਂ ਹੀ ਹਾਂ, ‘ਲੜਕੀ ···+ਆਂ' ਵਾਂਗ ਲਮਕਾ ਕੇ ਨਹੀਂ ਉਚਾਰਦੇ। ਇਸ ਮਸਲੇ 'ਚ ਹਿੰਦੀ ਪੰਜਾਬੀ ਨਾਲੋਂ ਜ਼ਿਆਦਾ ਵਿਗਿਆਨਕ ਹੈ। ਹਿੰਦੀ ਵਿੱਚ ਅਸੀਂ ‘ਲੜਕੀਆਂ' ਨੂੰ ‘लङकीयां' ਨਹੀਂ ਲਿਖਦੇ, ਸਗੋਂ ‘लङकियां' ਹੀ ਲਿਖਦੇ ਹਾਂ। ਇਸ ਤਰ੍ਹਾਂ ‘ਦੀਰਘ ਲਗ' ਦੇ ‘ਲਘੂ-ਲਗ' ਹੋ ਜਾਣ ਨਾਲ ਐਸੇ ਲਫ਼ਜ਼ਾਂ ਦੀ ਇੱਕ ਮਾਤਰਾ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਹੇਠ ਲਿਖੇ ਲਫ਼ਜ਼ਾਂ ਵਰਗੇ ਲਫ਼ਜ਼ਾਂ ਨੂੰ ਇਸ ਤਰ੍ਹਾਂ ਬਦਲ ਕੇ ਹੀ ਤਕਤੀਹ ਕਰਾਂਗੇ-

    ਲਫ਼ਜ਼ ਦਾ ਮੂਲ-ਰੂਪ               ਲਗ ਲਘੂ ਹੋਣ ਉਪਰੰਤ ਰੂਪ
    ਲੜਕੀਆਂ    6 ਮਾਤਰਾਂ           ਲੜਕਿਆਂ   5 ਮਾਤਰਾਂ
    ਜਾਂਦੀਆਂ     6 ਮਾਤਰਾਂ            ਜਾਂਦਿਆਂ    5 ਮਾਤਰਾਂ    
    ਬਹੁਤੀਆਂ     6 ਮਾਤਰਾਂ          ਬਹੁਤਿਆਂ    5 ਮਾਤਰਾਂ    
    ਲਿਖਦੀਆਂ   6 ਮਾਤਰਾਂ           ਲਿਖਦਿਆਂ   5 ਮਾਤਰਾਂ    
    ਕਲੀਆਂ      5 ਮਾਤਰਾਂ           ਕਲਿਆਂ      4 ਮਾਤਰਾਂ

(ਸ)   ਲਾਂ-ਦੁਲਾਂਵਾਂ ਨਾਲ ਸਵਰ-ਅੱਖਰ ਦੀ ਸੰਧੀ- ਹੁਣ ਆਪਾਂ ਇੱਕ ਲਫ਼ਜ਼ ਲਈਏ- ‘ਵਾਜੇ'। ਇਸ ਦਾ ਬਹੁਵਚਨ ਬਨਾਉਣ ਸਮੇਂ ਅਸੂਲ ਅਨੁਸਾਰ ਆਪਾਂ ‘ਵਾਜੇਆਂ' ਬਣਾਵਾਂਗੇ ਪਰ ਵਿਆਕਰਣ-ਵੇਤਿਆਂ ਨੇ ਪਹਿਲਾਂ ਹੀ ਇਸ ਨੂੰ ‘ਵਾਜੇਆਂ' ਦੀ ਥਾਂ ‘ਵਾਜਿਆਂ' (ਲਾਂ ਨੂੰ ਲਘੂ ਰੂਪ ਵਿੱਚ ਸਿਹਾਰੀ ਬਣਾ ਕੇ) ਲਿਖਣ ਦਾ ਤਰੀਕਾ ਅਪਨਾਇਆ ਹੋਇਆ ਹੈ। ‘ਦੁਲਾਵਾਂ' ਤੋਂ ਮਗਰੋਂ ਸਵਰ-ਅੱਖਰ ਵਾਲਾ ਲਫ਼ਜ਼ ਇਸ ਵੇਲੇ ਕੋਈ ਖ਼ਿਆਲ ਵਿੱਚ ਨਹੀਂ ਆ ਰਿਹਾ। ਜੇ ਕੋਈ ਹੋਵੇਗਾ ਵੀ ਤਾਂ ਉਸ ਦੀਆਂ ਵੀ ‘ਦੁਲਾਵਾਂ' ਸਿਹਾਰੀ ਵਿੱਚ ਬਦਲ ਕੇ ਹੀ ਤਕਤੀਹ ਕੀਤੀ ਜਾਵੇਗੀ।

(ਹ)  ਦੁਲੈਂਕੜੇ ਨਾਲ ਸਵਰ-ਅੱਖਰ ਦੀ ਸੰਧੀ- ਇਸੇ ਤਰ੍ਹਾਂ ਲਫ਼ਜ਼ ‘ਗੁਰੂਆਂ' ਦੇ ਦੁੱਤ-ਅੱਖਰ ‘ਅ' ਤੋਂ ਪਹਿਲੇ ਅੱਖਰ ‘ਰ' ਨਾਲ ਦੀਰਘ-ਲਗ ‘ਦੁਲੈਂਕੜੇ' ਲੱਗੀ ਹੋਈ ਹੈ। ਇਸ ਸੰਧੀ ਅਧੀਨ ਇਹ ‘ਦੁਲੈਂਕੜੇ' ਲਘੂ ਹੋ ਕੇ ‘ਔਂਕੜ' ਹੋ ਜਾਣਗੇ। ਇਉਂ ਸਾਡੇ ਕੋਲ ਲਫ਼ਜ਼ ਰਹਿ ਜਾਵੇਗਾ ‘ਗੁਰੁਆਂ' ਇਸ ਤਰ੍ਹਾਂ ਇਸਦੀ ਵੀ ਇੱਕ ਮਾਤਰਾ ਘੱਟ ਹੋ ਜਾਵੇਗੀ। ਹੁਣ ਇਸ ਦੀ ਤਕਤੀਹ ਵੀ ਅਸੀਂ ਘਟੇ ਹੋਏ ਅੱਖਰਾਂ ਅਨੁਸਾਰ ਹੀ ਕਰਾਂਗੇ। ਇਸ ਵਰਗੇ ਹੋਰ ਲਫ਼ਜ਼ਾਂ 'ਤੇ ਇਸ ਸੰਧੀ ਦਾ ਪ੍ਰਾਭਵ ਇਉਂ ਪਵੇਗਾ-

    ਲਫ਼ਜ਼ ਦਾ ਮੂਲ-ਰੂਪ                 ਸੰਧੀ ਹੋਣ ਉਪਰੰਤ ਰੂਪ
    ਗੁਰੂਆਂ         5 ਮਾਤਰਾਂ           ਗੁਰੁਆਂ         4 ਮਾਤਰਾਂ
    ਗੱਭਰੂਆਂ        7 ਮਾਤਰਾਂ          ਗੱਭਰੁਆਂ        6 ਮਾਤਰਾਂ    
    ਤਾਰੂਆਂ         6 ਮਾਤਰਾਂ           ਤਾਰੁਆਂ         5 ਮਾਤਰਾਂ    
    ਭਾਊਆਂ        6 ਮਾਤਰਾਂ            ਭਾਉਆਂ        5 ਮਾਤਰਾਂ           
   ਸਾਧੂਆਂ         6 ਮਾਤਰਾਂ            ਸਾਧੁਆਂ         5 ਮਾਤਰਾਂ    

(ਕ)  ਹੋੜੇ ਨਾਲ ਸਵਰ-ਅੱਖਰ ਦੀ ਸੰਧੀ- ਇਵੇਂ ਹੀ ਜੇ ਵੇਖੀਏ ਤਾਂ ‘ਭਾਗੋਆਂ' ੱਿਵੱਚ ਵੀ ‘ਅ' ਸਵਰ-ਅੱਖਰ ਆਪਣੇ ਤੋਂ ਪਹਿਲਾਂ ਆਏ ‘ਹੋੜੇ' ਨੂੰ ਲਘੂ-ਲਗ ਵਿੱਚ ਬਦਲ ਕੇ ‘ਔਂਕੜ' ਬਣਾ ਦਿੰਦਾ ਹੈ ਤੇ ਆਪਣੇ ਕੋਲ ਕੇਵਲ ‘ਭਾਗੁਆਂ' ਹੀ ਬਚਦਾ ਹੈ। ਇਸ ਦੀ ਤਕਤੀਹ ਵੀ ਬਦਲੀ ਹਾਲਤ ਅਨੁਸਾਰ ਇੱਕ ਲਗ ਘੱਟ ਮੰਨਕੇ ਹੀ ਕਰਾਂਗੇ।

    ਲਫ਼ਜ਼ ਦਾ ਮੂਲ-ਰੂਪ               ਲਗ ਲਘੂ ਹੋਣ ਉਪਰੰਤ ਰੂਪ
    ਭਾਗੋਆਂ         6 ਮਾਤਰਾਂ         ਭਾਗੁਆਂ         5 ਮਾਤਰਾਂ

    ਯਾਦ ਰਹੇ ਕਿ ਇਹਨਾਂ ਲਫ਼ਜ਼ਾਂ ਦੀ ਤਕਤੀਹ ਕਰਨ ਸਮੇਂ ਹੀ ਇਹਨਾਂ ਨੂੰ ਬਦਲੀਆਂ ਸੂਰਤਾਂ ਅਨੁਸਾਰ ਲਿਖਣਾ ਹੈ ਉਂਜ ਸ਼ਿਅਰ ਵਿੱਚ ਇਹ ਪਹਿਲੇ ਮੂਲ-ਰੂਪ ਵਿੱਚ ਹੀ ਲਿਖੇ ਜਾਣਗੇ। ਆਪਾਂ ਭਾਸ਼ਾ ਦੇ ਲਫ਼ਜ਼ਾਂ ਦੇ ਸ਼ਬਦ-ਜੋੜ ਨਹੀਂ ਵਿਗਾੜਨੇ।

(ਖ)         ਦੋ ਸਵਰ-ਅੱਖਰਾਂ ਦਾ ਮਿਲਾਪ:- ਕਈ ਲਫ਼ਜ਼ਾਂ ਵਿੱਚ ਦੋ ਸਵਰ-ਅੱਖਰ ਇਕੱਠੇ ਹੀ ਆ ਜਾਂਦੇ ਹਨ। ਉੱਥੇ  ਉਹਨਾਂ ਵਿੱਚੋਂ ਪਹਿਲਾ ਸਵਰ-ਅੱਖਰ ਗਿਣਤੀ ਸਮੇਂ ਗਿਰਾ ਦਿੱਤਾ ਜਾਂਦਾ ਹੈ। ਜਿਵੇਂ ‘ਗਾਇਆ' ਲਫ਼ਜ਼ ਵਿੱਚ ‘ੲ' ਅਤੇ ‘ਅ' ਦੋ ਸਵਰ-ਅੱਖਰ ਇਕੱਠੇ ਹੀ ਆ ਗਏ ਹਨ। ਇਹਨਾਂ ਵਿੱਚੋਂ ਅਸੀਂ ‘ਇ' ਨੂੰ ਅਲੋਪ ਕਰ ਦੇਵਾਂਗੇ ਤੇ ਸਾਡੇ ਕੋਲ ਲਫ਼ਜ਼ ਰਹਿ ਜਾਵੇਗਾ ‘ਗਾਆ' ਇਸ ਨੂੰ ਅਸੀਂ ਇਸੇ ਦੇ ਵਜ਼ਨ ਦੇ ਲਫ਼ਜ਼ ‘ਗਾਯਾ' ਵਾਂਗ ਹੀ ਉਚਾਰਦੇ ਹਾਂ ਤੇ ਇਸੇ ਤਰ੍ਹਾਂ ਹੀ ਇਸ ਦੀ ਤਕਤੀਹ ਕਰਾਂਗੇ। ਜੇ ਸਾਡੇ ਕੋਲ ਲਫ਼ਜ਼ ‘ਗਾਈਆਂ' ਹੁੰਦਾ ਤਾਂ ਪਹਿਲਾਂ ‘ਅ' ਸਵਰ-ਅੱਖਰ ਨੇ ‘ਈ' ਦੀ ਬਿਹਾਰੀ ਨੂੰ ਸਿਹਾਰੀ ਕਰਕੇ ‘ਗਾਇਆਂ' ਕਰ ਦੇਣਾ ਸੀ ਤੇ ਫਿਰ ਉਹ ਸਿਹਾਰੀ ਵਾਲੀ ‘ਇ' ਵੀ ਅਲੋਪ ਦੇਣੀ ਸੀ। ਇਉਂ ਸਾਡੇ ਕੋਲ ਫਿਰ ‘ਗਾਯਾਂ' ਹੀ ਰਹਿ ਜਾਣਾ ਸੀ। ਇਉਂ ਇਸ ਦੇ ਤਕਤੀਹ ਕਰਨ ਵਾਲੇ ਵਜ਼ਨ ਵਿੱਚ ਦੋ ਮਾਤਰਾਂ ਦਾ ਘਾਟਾ ਹੋ ਜਾਣਾ ਸੀ। ਇਹੋ ਜਿਹੇ ਕੁਝ ਹੋਰ ਲਫ਼ਜ਼ ਆਪਣੀ ਸੂਰਤ ਕਿਵੇਂ ਬਦਲਦੇ ਹਨ, ਇਹ ਆਪਾਂ ਹੇਠਾਂ ਦਿੱਤੀ ਉਦਾਹਰਣ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ-

ਮੂਲ-ਰੂਪ        ਮਾਤਰਾਂ          ‘ਇ' ਗਿਰਾ ਕੇ     ਤਕਤੀਹ ਲਈ ਰੂਪ      ਮਾਤਰਾਂ
ਵਧਾਇਆ        6                 ਵਧਾ +ਆ           ਵਧਾਯਾ                  5
ਆਇਆ         5                  ਆ +ਆ             ਆਯਾ                   4
ਕਮਾਇਆ       6                 ਕਮਾ +ਆ           ਕਮਾਯਾ                  5        
ਆਇਓ          5                   ਆ +ਓ             ਆਯੋ                    4
ਜਾਇਓ          5                   ਜਾ +ਓ              ਜਾਯੋ                    4
ਉਠਾਇਓ       6                 ਉਠਾ +ਓ              ਉਠਾਯੋ                  5

   ਮੂਲ-ਰੂਪ        ਮਾਤਰਾਂ     ‘ਇ' ਗਿਰਾ ਕੇ    ਤਕਤੀਹ ਲਈ ਰੂਪ      ਮਾਤਰਾਂ

     ਬੋਇਆ            5          ਬੋ +ਆ                ਬੋਯਾ                  4
     ਮੋਇਆਂ            5          ਮੋ +ਆਂ                ਮੋਯਾਂ                  4
     ਪਰੋਈਆਂ         7         ਪਰੋ +ਆਂ             ਪਰੋਯਾਂ                  5
     ਜਗਾਈਆਂ        7        ਜਗਾ +ਆਂ            ਜਗਾਯਾਂ                  5
     ਰੁਪੱਈਆ        7         ਰੁਪੱ +ਆ             ਰੁਪੱਯਾ                  5
     ਸਵੱਈਆ        7         ਸਵੱ +ਆ             ਸਵੱਯਾ                   5
     ਆਈਏ           6         ਆ +ਏ                   ਆਯੇ                  4
     ਜਾਈਏ           6         ਜਾ +ਏ                   ਜਾਯੇ                  4

ਅਭਿਆਸ
ਪਿਛਲੇ ਪਾਠ ਵਿੱਚ ਦਿੱਤਾ ਗਿਆ ਮਿਸਰਾ-ਤਰਹ (ਸਮੱਸਿਆ) ਸੀ-
        ਕਿਉਂ ਡਾਢੇ ਤੋਂ ਡਰਦਾ ਹੈਂ।
        ਡਰਦਾ ਹਰ ਹਰ ਕਰਦਾ ਹੈਂ।

    ਇਹ ਤਿੰਨ ‘ਫ਼ੇਲੁਨ' ਅਤੇ ਇੱਕ ‘ਫ਼ੇ' ਰੁਕਨ 'ਤੇ ਅਧਾਰਤ ਸੀ। ਸਿਖਿਆਰਥੀਆਂ ਨੂੰ ਚਾਹੀਦਾ ਹੈ ਕਿ ਇਸੇ ਵਜ਼ਨ ਵਿੱਚ ਤਿੰਨ-ਚਾਰ ਗ਼ਜ਼ਲਾਂ ਹੋਰ ਲਿਖਕੇ ਅਭਿਆਸ ਕਰਨ। ਅਤੇ ਉਹਨਾਂ ਗ਼ਜ਼ਲਾਂ ਦੀ ਤਕਤੀਹ ਉਪਰੋਕਤ ਤਰੀਕੇ ਨਾਲ ਅੱਖਰ ਅਤੇ ਲਗਾਂ ਨੂੰ ਗਿਰਾ ਕੇ ਕਰਨ ਤਾਂ ਕਿ ਉਹਨਾਂ ਨੂੰ ਅੱਖਰ ਗਿਰਾਉਣ ਦੀ ਚੰਗੀ ਤਰ੍ਹਾਂ ਜਾਚ ਆ ਜਾਵੇ। ਇਸ ਵਾਰ ਦਾ ਮਿਸਰਾ-ਤਰਹ ਚਾਰ ‘ਫ਼ੇਲੁਨ' 'ਤੇ ਆਧਾਰਤ ਹੈ, ਜੋ ਇਉਂ ਹੈ-
        ਇਉਂ ਨਾ ਦਿਲ ਤੜਪਾ ਕੇ ਜਾਵੀਂ।
        ਸਜਣਾ  ਮੁੱਖ   ਦਿਖਾ  ਕੇ  ਜਾਵੀਂ।

    ਇਸ ਮਿਸਰੇ ਵਿੱਚ ‘ਚਾਰ ਫ਼ੇਲੁਨ' ਵਰਤੇ ਗਏ ਹਨ ਤੇ ਇਸ ਦੀ ਤਕਤੀਹ, ਵਜ਼ਨ-ਪਰਖ  (ਮਾਤਰਿਕ ਗਿਣਤੀ) ਇਵੇਂ ਹੋਵੇਗੀ-

     ਫ਼ੇ      ਲੁਨ       ਫ਼ੇ        ਲੁਨ       ਫ਼ੇ    ਲੁਨ        ਫ਼ੇ     ਲੁਨ
                                                                         
    ਇਉਂ     ਨਾ      ਦਿਲ      ਤੜ       ਪਾ     ਕੇ         ਜਾ     ਵੀਂ
    ਸਜ      ਣਾ       ਮੁੱ        ਖ ਦਿ      ਖਾ     ਕੇ         ਜਾ     ਵੀਂ
1:37 AM | 0 comments

ਆਓ ਗ਼ਜ਼ਲ ਲਿਖਣੀ ਸਿੱਖੀਏ-3

Written By ਲਫ਼ਜ਼ਾਂ ਦਾ ਸੇਵਾਦਾਰ on Thursday, August 5, 2010 | 2:04 AM

ਰੁਕਨਾਂ ਬਾਰੇ ਹੋਰ ਵਿਸਥਾਰ
ਪਿਛਲੇ ਪਾਠ ਵਿੱਚ ਆਪਾਂ ਕੇਵਲ ਦੋ ਰੁਕਨਾਂ ‘ਫ਼ੇ' ਅਤੇ ‘ਫ਼ੇਲੁਨ' ਬਾਰੇ ਹੀ ਵਿਚਾਰ ਕੀਤੀ ਸੀ। ਇਸ ਪਾਠ ਵਿੱਚ ਅਸੀਂ ਰੁਕਨਾਂ ਬਾਰੇ ਜ਼ਰਾ ਹੋਰ ਵਿਸਥਾਰ ਵਿੱਚ ਗੱਲ ਕਰਾਂਗੇ।
ਮਾਤਰਾਵਾਂ ਦੇ ਛੋਟੇ-ਵੱਡੇ ਸਮੂਹਾਂ ਨੂੰ ‘ਰੁਕਨ' ਕਿਹਾ ਜਾਂਦਾ ਹੈ। ਇਹਨਾਂ ਨਾਲ ਕਿਸੇ ਸ਼ਿਅਰ ਦੇ ਵਜ਼ਨ (ਲੰਬਾਈ) ਨੂੰ ਮਿਣਿਆ ਜਾ ਸਕਦਾ ਹੈ। ਜਿਵੇਂ ਕਿਸੇ ਵਸਤੂ ਦਾ ਵਜ਼ਨ ਮਿਣਨ ਵਾਸਤੇ ਸਾਡੇ ਕੋਲ ਇੱਕ ਕਿਲੋ, ਦੋ ਕਿਲੋ, ਪੰਜ ਕਿਲੋ ਜਾਂ ਦਸ ਕਿਲੋ ਦੇ ਵੱਟੇ ਹੁੰਦੇ ਹਨ, ਇਸੇ ਤਰ੍ਹਾਂ ਸ਼ਿਅਰ ਦਾ ਵਜ਼ਨ ਮਿਣਨ ਵਾਸਤੇ ਵੀ ਸਾਡੇ ਕੋਲ ਕੁਝ ਵੱਟੇ (ਰੁਕਨ) ਹਨ, ਜਿਨ੍ਹਾਂ ਦੇ ਨਾਮ ਅਤੇ ਵਜ਼ਨ ਹੇਠ ਲਿਖੇ ਅਨੁਸਾਰ ਹਨ। ਯਾਦ ਰਹੇ ਕਿ ਅਰੂਜ਼ ਦੇ ਰਚਨਹਾਰਿਆਂ ਨੇ ਹਰ ਰੁਕਨ ਦਾ ਨਾਮ ਵੀ ਉਤਨੀਆਂ ਮਾਤਰਾਵਾਂ ਦਾ ਹੀ ਬਣਾਇਆ ਹੈ, ਜਿੰਨੀਆਂ ਮਾਤਰਾਵਾਂ ਦੇ ਵੱਟੇ ਦੇ ਤੌਰ 'ਤੇ ਉਸ ਨੂੰ ਵਰਤਿਆ ਜਾਂਦਾ ਹੈ ਅਤੇ ਰੁਕਨ ਦੇ ਨਾਮ ਵਿੱਚ ਵੀ ਮਾਤਰਾਵਾਂ ਦੀ ਤਰਤੀਬ ਉਸੇ ਤਰ੍ਹਾਂ ਹੀ ਮਿਥੀ ਗਈ ਹੈ ਜਿਸ ਤਰ੍ਹਾਂ ਕਿ ਉਸ ਰੁਕਨ ਦੀਆਂ ਮਾਤਰਾਵਾਂ ਦੀ ਹੋਣੀ ਨਿਸ਼ਚਿਤ ਕੀਤੀ ਗਈ ਹੈ। ਹੇਠ ਲਿਖੀ ਸੂਚੀ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ।


   
ਇਹ ਕੁਝ ਕੁ ਰੁਕਨ ਹਨ ਜਿਹਨਾਂ ਨਾਲ ਕਾਫ਼ੀ ਸਾਰੀਆਂ ਬਹਿਰਾਂ ਬਣ ਜਾਂਦੀਆਂ ਹਨ ਅਤੇ ਬਹੁਤੇ ਸ਼ਾਇਰ ਇਹਨਾਂ ਹੀ ਰੁਕਨਾਂ ਦੀ ਵਰਤੋਂ ਕਰਕੇ ਗ਼ਜ਼ਲਾਂ ਲਿਖਦੇ ਹਨ। ਉਂਜ ਇਹਨਾਂ ਤੋਂ ਅੱਗੇ ਹੋਰ ਵੀ ਬਹੁਤ ਸਾਰੇ ਰੁਕਨ ਹਨ, ਜਿਹਨਾਂ ਨੂੰ ਸਮਝਣ ਵਾਸਤੇ ‘ਸਾਕਿਨ-ਮੁਤਹੱਰਕ' ਅੱਖਰਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਉਹਨਾਂ ਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ।
    ਉਪਰੋਕਤ ਸੂਚੀ ਅਨੁਸਾਰ ਸਾਡੇ ਪਾਸ ਇੱਕ ਮਾਤਰਾ ਤੋਂ ਲੈ ਕੇ ਸੱਤ ਮਾਤਰਾਵਾਂ ਤੱਕ ਦੇ ਰੁਕਨ (ਵੱਟੇ) ਪ੍ਰਾਪਤ ਹਨ, ਜਿਹਨਾਂ ਨੂੰ ਜੋੜ ਕੇ ਅਸੀਂ ਕਿਸੇ ਸ਼ਿਅਰ ਦੇ ਇੱਕ ਮਿਸਰੇ (ਤੁਕ) ਦੀ ਲੰਬਾਈ ਮਿਣ ਸਕਦੇ ਹਾਂ। ਜਿਵੇਂ ਸੱਤ ਕਿਲੋ ਭਾਰ ਤੋਲਣ ਵਾਸਤੇ ਸਾਡੇ ਕੋਲ ਦੋ-ਦੋ ਕਿਲੋ ਦੇ ਤਿੰਨ ਵੱਟੇ ਅਤੇ ਇੱਕ ਕਿਲੋ ਦਾ ਇੱਕ ਵੱਟਾ ਹੋਣਾ ਚਾਹੀਦਾ ਹੈ, ਇਸੇ ਤਰ੍ਹਾਂ ਹੀ 14 ਮਾਤਰਾਵਾਂ ਜਾਂ ‘7 ਗੁਰੂ' ਵਾਲੇ ਮਿਸਰੇ ਦੀ ਲੰਬਾਈ ਮਿਣਨ ਵਾਸਤੇ ਸਾਡੇ ਕੋਲ ਦੋ-ਦੋ ਗੁਰੂਆਂ ਵਾਲੇ ਤਿੰਨ ਰੁਕਨ ਅਤੇ ਇੱਕ ਗੁਰੂ ਵਾਲਾ ਇੱਕ ਰੁਕਨ ਹੋਣਾ ਚਾਹੀਦਾ ਹੈ। ਦੋ ਗੁਰੂਆਂ ਵਾਲਾ ਰੁਕਨ ਸਾਡੇ ਕੋਲ ‘ਫ਼ੇਲੁਨ' ਹੈ ਅਤੇ ਇੱਕ ਗੁਰੂ ਵਾਲਾ ਰੁਕਨ ‘ਫ਼ੇ' ਹੈ। ਇੰਜ-
    ‘‘ਫ਼ੇਲੁਨ + ਫ਼ੇਲੁਨ + ਫ਼ੇਲੁਨ + ਫ਼ੇ''  7 ਗੁਰੂ ਜਾਂ 14 ਮਾਤਰਾਵਾਂ ਦਾ ਮਿਸਰਾ ਬਣ ਜਾਵੇਗਾ। ਪਿਛਲੇ ਪਾਠ ਵਿੱਚ ਜੋ ‘ਮਿਸਰਾ-ਤਰਹ' ਦਿੱਤਾ ਸੀ ਉਹ ਇਸੇ ਹੀ ਵਜ਼ਨ ਵਿੱਚ ਸੀ। ਯਾਦ ਰਹੇ ਕਿ, ਉਹ ਮਿਸਰਾ (ਤੁਕ) ਜਿਸ ਦੇ ਵਜ਼ਨ ਅਤੇ ਕਾਫ਼ੀਆ-ਰਦੀਫ਼ ਅਨੁਸਾਰ ਹੋਰ ਸ਼ਿਅਰ ਲਿਖਣ ਵਾਸਤੇ ਕਿਹਾ ਜਾਵੇ, ਉਸ ਨੂੰ ‘ਮਿਸਰਾ-ਤਰਹ' ਜਾਂ ਪੰਜਾਬੀ ਵਿੱਚ ‘ਸਮੱਸਿਆ' ਕਹਿੰਦੇ ਹਨ।

ਇਸ ਤੋਂ ਪਹਿਲਾਂ ਕਿ ਅਭਿਆਸ ਵਾਸਤੇ ਹੋਰ ਮਿਸਰਾ-ਤਰਹ ਦਿੱਤਾ ਜਾਵੇ, ਠੀਕ ਇਹ ਰਹੇਗਾ ਕਿ ਮਾਤਰਾਵਾਂ ਦੀ ਗਿਣਤੀ ਕਰਦੇ ਸਮੇਂ ਜਿਹੜੀਆਂ ਕੁਝ ਛੋਟਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੇ ਨਿਯਮਾਂ ਦੀ ਗੱਲ ਕਰ ਲਈ ਜਾਵੇ ਤਾਂ ਕਿ ਸਿਖਿਆਰਥੀ ਮਿਸਰੇ ਦੀਆਂ ਸਹੀ ਮਾਤਰਾਵਾਂ ਦੀ ਗਿਣਤੀ ਕਰਨ ਵਿੱਚ ਕੋਈ ਟਪਲਾ ਨਾ ਖਾਣ।

ਮਾਤਰਾਵਾਂ ਦੀ ਗਿਣਤੀ ਵਿਚ ਛੋਟਾਂ ਦੇ ਨਿਯਮ
(ਇਹ ਪਾਠ ਪੜ੍ਹਦਿਆਂ ਇਹ ਗੱਲ ਦਿਮਾਗ਼ ਵਿਚ ਚੰਗੀ ਤਰ੍ਹਾਂ ਬਿਠਾ ਰੱਖਣੀ ਚਾਹੀਦੀ ਹੈ ਕਿ ਇਹ ਛੋਟਾਂ ਲੋੜ ਪੈਣ 'ਤੇ ਹੀ ਲੈਣੀਆਂ ਹਨ। ਉਂਜ ਇਨ੍ਹਾਂ ਤੋਂ ਬਿਨ੍ਹਾਂ ਗੁਜ਼ਾਰਾ ਹੋ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ।)

ਆਮ ਬੋਲ-ਚਾਲ ਸਮੇਂ ਅਸੀਂ ਕੁਝ ਅੱਖਰਾਂ (ਇੱਥੇ ਅੱਖਰ ਦਾ ਭਾਵ ਅੱਖਰ ਤੋਂ ਵੀ ਹੈ ਤੇ ਲਗ ਤੋਂ ਵੀ) ਨੂੰ ਉਚਾਰਦੇ ਹੋਏ ਥੋੜ੍ਹਾ ਦਬਾ ਜਾਂਦੇ ਹਾਂ, ਉਹਨਾਂ ਅੱਖਰਾਂ ਦਾ ਉਚਾਰਨ ਬਾਕੀ ਅੱਖਰਾਂ ਵਾਂਗ ਪੂਰਾ ਜ਼ੋਰ ਦੇ ਕੇ ਨਹੀਂ ਕਰਦੇ। ਐਸੇ ਅੱਖਰਾਂ ਨੂੰ ਅਰੂਜ਼ ਅਨੁਸਾਰ ਗਿਣਤੀ ਕਰਦੇ ਸਮੇਂ ਛੱਡ ਦਿੱਤੇ ਜਾਣ ਦੀ ਇਜਾਜ਼ਤ ਹੈ। ਇਸ ਨੂੰ ‘ਅੱਖਰ ਦਬਾ ਦੇਣਾ', ‘ਅੱਖਰ ਉਡਾ ਦੇਣਾ'  ਜਾਂ ‘ਅੱਖਰ ਗਿਰਾ ਦੇਣਾ' ਕਹਿੰਦੇ ਹਨ। ਗਿਣਤੀ ਵਿੱਚੋਂ ਛੱਡੀਆਂ ਜਾਣ ਵਾਲੀਆਂ ਆਮ ਤੌਰ 'ਤੇ ਲਗਾਂ ਹੀ ਹੁੰਦੀਆਂ ਹਨ ਪਰ ਫਿਰ ਵੀ ਕਈ ਹਾਲਤਾਂ ਵਿੱਚ ਅਸੀਂ ਕੁਝ ਅੱਖਰ ਵੀ ਗਿਣਤੀ ਵਿੱਚੋਂ ਖ਼ਾਰਿਜ਼ ਕਰਦੇ ਹਾਂ। ਜਿਵੇਂ ਕਿ-

(ਇਕ) ਪਿਆਰ ਦਾ ਮਸਲਾ

ਹਿੰਦੀ ਭਾਸ਼ਾ ਵਿੱਚ ਲਿਖਦੇ ਸਮੇਂ ਜੇ ਕਿਸੇ ਲਫ਼ਜ਼ ਦਾ ਪਹਿਲਾ ਅੱਖਰ ਅੱਧਾ ਪੈਂਦਾ ਹੋਵੇ ਤਾਂ ਉਸ ਅੱਧੇ ਅੱਖਰ ਨੂੰ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ ਜਾ ਸਕਦਾ ਹੈ। ਜਿਵੇਂ ਪਿਆਰ (ਘਥਚ) ਵਿੱਚੋਂ ਅੱਧਾ ਪੱਪਾ ਛੱਡ ਕੇ ਉਸ ਨੂੰ ਕੇਵਲ ‘ਆਰ' ਦੇ ਵਜ਼ਨ ਦਾ ਲਫ਼ਜ਼ ਹੀ ਸਮਝਿਆ ਜਾਂਦਾ ਹੈ ਤੇ ਇਸ ਨੂੰ ਤਿੰਨ ਮਾਤਰਾਵਾਂ ਦੇ ਰੁਕਨ ‘ਫ਼ੇਲ' ( 9) ਬਰਾਬਰ ਹੀ ਗਿਣਿਆ ਜਾਂਦਾ ਹੈ। ਉਂਜ ਇਸ ‘ਆਰ' ਨੂੰ ਅਸੀਂ ਇਸੇ ਦੇ ਹਮ-ਵਜ਼ਨ ਲਫ਼ਜ਼ ‘ਪਾਰ' ਵਿੱਚ ਬਦਲ ਕੇ ਤਕਤੀਹ ਕਰਦੇ ਹਾਂ। ਜਾਂ ਇਉਂ ਸਮਝ ਲਉ ਕਿ ‘ਪਿਯਾਰ' ਦੇ ਅੱਧੇ ਅੱਖਰ ‘ਪ' ਤੋਂ ਮਗਰਲੇ ‘ਯ' ਨੂੰ ਗਿਣਤੀ ਵਿੱਚੋਂ ਖ਼ਾਰਜ਼ ਕਰ ਦਿੰਦੇ ਹਾਂ। ਤੇ ਬਾਕੀ ‘ਪਾਰ' ਰਹਿ ਜਾਂਦਾ ਹੈ। ਇਹ ਗੱਲ ਜ਼ਿਆਦੀ ਠੀਕ ਰਹੇਗੀ।
    ਮਿੱਤਰ ਪਿਆਰੇ ਇਸ ਤੋਂ ਵੀ ਵੱਧ ਫ਼ਸਲੀ ਨੇ,
    ਐਂਵੇਂ  ਹੀ  ਬਦਨਾਮ   ਬਟੇਰਾ   ਹੋਇਆ  ਹੈ।     (ਸਵ· ਅਜੀਤ ਕੁਮਾਰ)

ਇਸ ਸ਼ਿਅਰ ਦੀ ਤਕਤੀਹ ਇਸ ਤਰ੍ਹਾਂ ਹੋਵੇਗੀ-


ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ
S  S   S  S    S  S   S  S   S  S   S
ਮਿੱ ਤਰ ਪਾ ਰੇ ਇਸ ਤੋਂ ਵੀ ਵਧ ਫ਼ਸ ਲੀ ਨੇ
ਐਂ ਵੇਂ ਹੀ ਬਦ ਨਾ ਮ ਬ ਟੇ ਰਾ ਹੋ ਯਾ ਹੈ

    ਇਸ ਸ਼ਿਅਰ ਦੀ ਤਕਤੀਹ ਕਰਦਿਆਂ ‘ਹੋਇਆ' ਨੂੰ ‘ਹੋਯਾ' ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਅੱਗੇ ਜਾ ਕੇ ਦੱਸਿਆ ਜਾਵੇਗਾ।
    ਅਸੂਲੀ ਤੌਰ 'ਤੇ ਹੀ ਨਹੀਂ ਪ੍ਰੈਕਟੀਕਲੀ ਵੀ ‘ਧਿਆਨ, ਗਿਆਨ, ਤਿਆਗ' (ਧਯਾਨ, ਗਯਾਨ, ਤਯਾਗ)ਆਦਿ ਲਫ਼ਜ਼ ਵੀ ਉਪਰੋਕਤ-ਮੱਦ ਅਧੀਨ ਹੀ ਆਉਂਦੇ ਹਨ ਅਤੇ ਇਹਨਾਂ ਦਾ ‘ਯ' ਵੀ ਗਿਣਤੀ ਤੋਂ ਬਾਹਰ ਰੱਖਣਾ ਚਾਹੀਦਾ ਹੈ। ਬਲਕਿ ‘ਸਵਾਮੀ ਅਤੇ ਸਵਾਂਗ' ਦਾ ‘ਵ' ਵੀ ਇਸੇ ਤਰ੍ਹਾਂ ਗਿਣਤੀ ਤੋਂ ਬਾਹਰ ਰਹਿਣਾ ਚਾਹੀਦਾ ਹੈ ਤੇ ਇਹੋ ਜਿਹੇ ਕੁਝ ਹੋਰ ਲਫ਼ਜ਼ਾਂ ਨੂੰ ਵੀ ਇਸੇ ਮੱਦ ਅਧੀਨ ਹੀ ਸਮਝਣਾ ਚਾਹੀਦਾ ਹੈ। ਅਸਲ ਵਿੱਚ ਅਸੀਂ ਉਹਨਾਂ ਲਫ਼ਜ਼ਾਂ ਨੂੰ ਉਚਾਰਦੇ ਇਸੇ ਮੱਦ ਅਧੀਨ ਆਉਂਦੇ ਲਫ਼ਜ਼ਾਂ ਵਾਂਗ ਹੀ ਹਾਂ। ਭਾਵੇਂ ਕੁਝ ਵਿਦਵਾਨ ਮੇਰੇ ਇਸ ਕਥਨ ਨਾਲ ਸਹਿਮਤ ਨਾ ਵੀ ਹੋਣ ਪਰ ਸਾਹਿਤ ਦਾ ਮੁਤਾਲਿਆ ਕਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਇਰਾਂ ਨੇ ਇਹਨਾਂ ਲਫ਼ਜ਼ਾਂ ਨੂੰ ਵੀ ‘ਗ੍ਹਾਨ, ਧ੍ਹਾਨ, ਤ੍ਹਾਗ, ਸ੍ਵਾਮੀ ਅਤੇ ਸ੍ਵਾਂਗ' ਦੇ ਵਜ਼ਨ 'ਤੇ ਹੀ ਨਜ਼ਮ ਕੀਤਾ ਹੈ ਅਤੇ ਠੀਕ ਕੀਤਾ ਹੈ। ਪਰ ਇਸ ਬਾਰੇ ਵਿਸਥਾਰਤ ਬਹਿਸ ਆਪਾਂ ਕਿਸੇ
ਅਗਲੇ ਪਾਠ ਵਿੱਚ ਕਰਾਂਗੇ। 

(ਦੋ) ਆਹ! ਵਿਚਾਰੇ ‘ਅ' ਤੇ ‘ਹ'-
    ਇਸੇ ਤਰ੍ਹਾਂ ਜੇ ਕਿਸੇ ਲਫ਼ਜ਼ ਦੇ ਅੰਤ ਤੇ ‘ਅ' ਜਾਂ ‘ਹ' ਅੱਖਰ ਮੁਕਤੇ (ਬਿਨਾਂ ਲਗ ਦੇ) ਦੇ ਤੌਰ 'ਤੇ ਆਉਂਦੇ ਹੋਣ ਤਾਂ ਇਹ ਅੱਖਰ ਲੋੜ ਅਨੁਸਾਰ ਗਿਣਤੀ ਵਿੱਚੋਂ ਖ਼ਾਰਿਜ਼ ਕੀਤੇ ਜਾ ਸਕਦੇ ਹਨ। ਜਿਵੇਂ- ਚਾਹ, ਰਾਹ, ਉਪਾਅ, ਅਤੇ ਚਾਅ ਆਦਿ ਲਫ਼ਜ਼ਾਂ ਵਿੱਚਲੇ ਅਖ਼ੀਰਲੇ ‘ਹ' ਅਤੇ ‘ਅ' ਅੱਖਰ ਗਿਣਤੀ ਵਿੱਚੋਂ ਛੱਡੇ ਵੀ ਜਾ ਸਕਦੇ ਹਨ।

ਜਿਵੇਂ-
      ਅਸੀਂ ਵੀ ਰਾਹ 'ਚ  ਬੈਠੇ ਹਾਂ,  ਅਸੀਂ ਵੀ  ਕਤਲ ਹੋਵਾਂਗੇ,
      ਅਸਾਂ ਸੁਣਿਐਂ ਕਿ ਉਹਨਾਂ ਨੇ ਇਧਰ ਦੀ ਲੰਘਣਾ ਤਾਂ ਹੈ। 
                        (ਅਮਰਜੀਤ ਸਿੰਘ ਸੰਧੂ)

    ਇਸ ਸ਼ਿਅਰ ਵਿਚਲੇ ‘ਰਾਹ' ਦਾ ‘ਹ' ਗਿਰਾ ਦਿੱਤਾ ਜਾਵੇਗਾ ਅਤੇ ਇਸ ਤਕਤੀਹ ਇਸ ਤਰ੍ਹਾਂ ਹੋਵੇਗੀ-


ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ
I  S  S   S   I  S   S  S    I  S  S  S   I  S  S  S
ਅ ਸੀਂ ਵੀ ਰਾ ਚ ਬੈ ਠੇ ਹਾਂ ਅ ਸੀਂ ਵੀ ਕਤ ਲ ਹੋ ਵਾਂ ਗੇ
ਅ ਸਾਂ ਸੁਣਿ ਐਂ ਕਿ ਉਹ ਨਾਂ ਨੇ ਇ ਧਰ ਦੀ ਲੰ ਘ ਣਾ ਤਾਂ ਹੈ

ਇੱਕ ਹੋਰ ਸ਼ਿਅਰ ਦੇਖੋ-
       ਰਿਹਾ ਮੈਂ ਕਹਿੰਦਾ, ਨਾ ਤੂੰ ਸ਼ਿਕਰਿਆਂ ਨੂੰ ਯਾਰ ਬਣਾ,
       ਸੁਭਾਅ ਇਹਨਾਂ ਦਾ ਹੈ, ਬਣਦੇ ਕਿਸੇ ਦੇ ਯਾਰ ਨਹੀਂ।      (ਗੁਰਦਿਆਲ ਪੰਜਾਬੀ)

    ਇਸ ਸ਼ਿਅਰ ਵਿਚਲੇ ਲਫ਼ਜ਼ ‘ਸੁਭਾਅ' ਦਾ ‘ਅ' ਗਿਣਤੀ ਵਿੱਚੋਂ ਖ਼ਾਰਿਜ਼ ਕਰ ਦਿੱਤਾ ਜਾਵੇਗਾ। ਇਸ ਤੀ ਤਕਤੀਹ ਇਸ ਤਰ੍ਹਾਂ ਹੋਵੇਗੀ-



ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਮੁ ਫ਼ਾ ਈ ਲੁਨ ਫ਼ੇ ਲੁਨ
I  S  S   S   I  S   S  S   I  S  S   S   S  S
ਰਿ ਹਾ ਮੈਂ ਕਹਿੰ ਦ ਨਾ ਤੂੰ ਸ਼ਿਕ ਰਿ ਆਂ ਨੂੰ ਯਾ ਰ ਬ ਣਾ
ਸੁ ਭਾ ਇਹ ਨਾਂ ਦ ਹੈ ਬਣ ਦੇ ਕਿ ਸੇ ਦੇ ਯਾ ਰ ਨ ਹੀਂ

(ਤਿੰਨ) ਮੁਕਤਾ ਗਿਣਤੀ ਤੋਂ ਵੀ ਮੁਕਤ-
    ਜੇ ਕਿਸੇ ਮਿਸਰੇ (ਤੁਕ) ਦੇ ਅਖ਼ੀਰ ਵਿੱਚ ਕੋਈ ਵੀ ਮੁਕਤਾ ਅੱਖਰ ਆਉਂਦਾ ਹੋਵੇ ਤਾਂ ਜ਼ਰੂਰਤ ਅਨੁਸਾਰ ਉਸ ਨੂੰ ਵੀ ਗਿਣਤੀ ਵਿੱਚੋਂ ਖ਼ਾਰਿਜ਼ ਕੀਤਾ ਜਾ ਸਕਦਾ ਹੈ। ਜਿਵੇਂ-
    ਕਿਸ ਚਿਹਰੇ 'ਚੋਂ ਲੱਭਾਂ ਹੁਣ ਮੈਂ ਆਪਣਾ ਰੂਪ,
    ਹਰ ਚਿਹਰਾ ਆਪੇ  ਤੋਂ  ਬਾਹਰ  ਲਗਦਾ  ਹੈ।         (ਅੰਜੁਮ ਕਾਦਰੀ)

    ਇਸ ਸ਼ਿਅਰ ਦਾ ਵਜ਼ਨ ‘ਪੰਜ ਫ਼ੇਲੁਨ ਅਤੇ ਇੱਕ ਫ਼ੇ' ਯਾਨੀ ਕਿ ਸਾਢੇ ਪੰਜ ਫ਼ੇਲੁਨ ਦਾ ਹੈ, ਪਰ ਤਕਤੀਹ ਕਰਨ 'ਤੇ ਪਤਾ ਚੱਲਦਾ ਹੈ ਕਿ ਪਹਿਲੇ ਮਿਸਰੇ ਦੇ ਲਫ਼ਜ਼ ‘ਰੂਪ' ਦਾ ‘ਪ' ਵਜ਼ਨ ਤੋਂ ਵਾਧੂ ਹੈ। ਪਰ ਕਿਉਂਕਿ ਇਹ (ਪ) ਮਿਸਰੇ ਦੇ ਅਖ਼ੀਰ ਵਿੱਚ ਆਇਆ ਹੈ ਅਤੇ ਇਹ ਮੁਕਤਾ ਅੱਖਰ ਹੈ, (ਮੁਕਤਾ ਅੱਖਰ ਉਸ ਅੱਖਰ ਨੂੰ ਕਹਿੰਦੇ ਹਨ ਜਿਸ ਨੂੰ ਕੋਈ ਲਗ ਨਾ ਲੱਗੀ ਹੋਵੇ, ਯਾਨੀ ਕਿ ਲਗ ਤੋਂ ਮੁਕਤ ਹੋਵੇ।) ਇਸ ਲਈ ਇਸ ਨੂੰ ਜਾਇਜ਼ ਤੌਰ 'ਤੇ ਗਿਰਾਇਆ ਜਾ ਸਕਦਾ ਹੈ। ਤਕਤੀਹ ਕਰਕੇ ਵੇਖੋ-



ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ ਲੁਨ ਫ਼ੇ
S  S   S  S   S  S    S  S   S  S   S
ਕਿਸ ਚਿਹ ਰੇ ਚੋਂ ਲੱ ਭਾਂ ਹੁਣ ਮੈਂ ਅਪ ਣਾ ਰੂ (ਪ)
ਹਰ ਚਿਹ ਰਾ ਆ ਪੇ ਤੋਂ ਬਾ ਹਰ ਲਗ ਦਾ ਹੈ


ਇਹ ਪਾਠ ਅੱਗੇ ਵੀ ਜਾਰੀ ਹੈ, 
ਅਗਲੇ ਹਿੱਸੇ ਵਿਚ ਜਾਣਾਂਗੇ 'ਲਗਾਂ ਨੂੰ ਖਾਰਜ ਕਰਨ ਦੇ ਨਿਯਮ'
2:04 AM | 1 comments

ਆਓ ਗ਼ਜ਼ਲ ਲਿਖਣੀ ਸਿੱਖੀਏ-2:ਸਵਾਲ-ਜਵਾਬ

ਗ਼ਜ਼ਲ ਦੇ ਵਿਦਿਆਰਥੀਓ ਅਤੇ ਪਾਠਕ ਸਾਥੀਓ, ਜਿਵੇਂ ਕਿ ਤੁਸੀ ਸਾਰੇ ਜਾਣਦੇ ਹੋ ਕਿ ਜਨਾਬ ਅਮਰਜੀਤ ਸਿੰਘ ਸੰਧੂ ਆਪਣੀ ਇਸ ਲੇਖ ਲੜੀ ਰਾਹੀਂ ਗ਼ਜ਼ਲ ਲਿਖਣ ਦੇ ਨੁਕਤੇ ਸਿਖਾ ਰਹੇ ਹਨ। ਇਸ ਉਪਰਾਲੇ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਵੀ ਲੇਖ-ਲੜੀ ਦੌਰਾਨ ਪਾਠਕਾਂ/ਸਿਖਿਆਰਥੀਆਂ ਦੇ ਮਨਾਂ ਵਿਚ ਸਵਾਲ ਸ਼ੰਕੇ ਹੋਣੇ ਵੀ ਕੁਦਰਤੀ ਵਰਤਾਰਾ ਹੈ। ਸੋ, ਅਸੀ ਇਸ ਸੰਵਾਦ ਦੀ ਪ੍ਰਕਿਰਿਆਂ ਨੂੰ ਵੀ ਸਹਿਜ ਰੂਪ ਵਿਚ ਚਲਾ ਰਹੇ ਹਾਂ। ਪਾਠ-2 'ਤੇ ਦਿੱਤੇ ਆਪਣੇ ਵਿਚਾਰ ਵਿਚ ਸਾਡੇ ਸੁਹਿਰਦ ਪਾਠਕ ਅਤੇ ਰਚਨਾਕਾਰ ਜਨਾਬ ਸੀ. ਐਸ. ਮਾਨ ਨੇ ਕੁਝ ਨੁਕਤੇ ਰੱਖੇ ਸਨ। ਅਮਰਜੀਤ ਸੰਧੂ ਹੁਰਾਂ ਨੇ ਉਸ ਬਾਰੇ ਆਪਣੇ ਵਿਚਾਰ ਦਿੱਤੇ ਹਨ।

ਸਵਾਲ: ਸੀ.ਐੱਸ. ਮਾਨ-ਬਹੁਤ ਹੀ ਲਾਭਦਾਇਕ ਸਿਲਸਿਲਾ,ਜਨਾਬ ਸੰਧੂ ਸਾਹਿਬ.ਇਕ ਦੋ ਗੱਲਾਂ ਵਜ਼ਾਹਤ ਲਈ-
੧. ਪੰਜਾਬੀ ਵਿਚ ਇਕ ਹੋਰ ਲਘੂ ਮਾਤਰਾ ਹੈ,ਜਿਸ ਨੂੰ ' ਮੁਕਤਾ" ਆਖਦੇ ਹਨ.ਕਿਉਂਕਿ ਇਸ ਦੇ ਲਈ ਕੋਈ ਚਿੰਨ ਨਹੀਂ,ਇਸ ਨੂੰ ਸਾਕਿਨ ਹਰਫ ਤੋਂ ਵੱਖ ਕਰਨਾ ਮੁਸ਼ਕਿਲ ਹੁੰਦਾ ਹੈ/ ਜਿਵੇਂ ਆਪ ਨੇ 'ਕਰਮ' ਬਾਰੇ ਦੱਸਿਆ ਹੈ;ਪਹਿਲਾ ਕਰਮ=੨੧ ਵਿਚ ਕ ਤੋਂ ਬਾਅਦ ਮੁਕਤਾ ਹੈ,ਤੇ ਰ ਤੇ ਮ ਦੋਨੋਂ ਸਾਕਿਨ;
ਦੂਸਰਾ ਕਰਮ=੧੨ ਵਿਚ ਕ ਤੇ ਰ ਦੋਨੋਂ ਤੇ ਮੁਕਤਾ ਹੈ ਤੇ ਮ ਸਾਕਿਨ
੨. ਅਰੂਜ਼ ਵਿਚ ਇਕਾਈ , syllable ਹੈ,ਜਿਸ ਤਰਾਂ ਉੱਤੇ ਕਰਮ; ਜਦ ਕਿ ਪਿੰਗਲ ਵਿਚ ਇਕਾਈ ਵਰਣ (ਤੇ ਉਸ ਦੀ ਮਾਤਰਾ) ਤੇ ਨਿਰਭਰ ਹੈ, ਜਿਵੇਂ ਕਰਮ (ਦੋਨੋਂ ਤਰਾਂ ਹੀ) ਨੂੰ ਤਿੰਨ ਲਘੂ ਗਿਣਿਆ ਜਾਂਦਾ ਹੈ; ਇਕ ਤਰਾਂ ਨਾਲ ਸਾਕਿਨ ਹਰਫਾਂ ਨੂੰ ਵੀ ਮੁਤਹਰਿਕ ਸਮਝ ਲਿਆ ਜਾਂਦਾ ਹੈ। 

ਜਵਾਬ: ਅਮਰਜੀਤ ਸਿੰਘ ਸੰਧੂ
1·  ਜਿਹੜੇ ਪਾਠਕਾਂ ਨੂੰ ਮੇਰੀ ਇਹ ਨਿਗੂਣੀ ਜਿਹੀ ਕੋਸ਼ਿਸ਼ ਪਸੰਦ ਆਈ ਤੇ ਉਹਨਾਂ ਨੇ ਚਿਠੀਆਂ, ਫ਼ੋਨ ਅਤੇ ਇਨਟਰਨੈਟ ਰਾਹੀਂ ਇਸ ਦਾ ਹੁੰਗਾਰਾ ਭਰਿਆ, ਮੈਂ ਉਹਨਾਂ ਸਾਰੇ ਮਿਹਰਬਾਨਾਂ ਦਾ ਦਿਲੋਂ ਧਨਵਾਦੀ ਹਾਂ। ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਚੰਗਾ ਕਰਨ ਵਾਸਤੇ ਪ੍ਰੇਰਦੀ ਰਹੇਗੀ। ਜਦ ਤੱਕ ਤੁਹਾਡਾ ਹੁੰਗਾਰਾ ਮਿਲਦਾ ਰਹੇਗਾ, ਬਾਤ ਪੈਂਦੀ ਰਹੇਗੀ।
2·   ਪਿਆਰੇ ਸੀ· ਐੱਸ· ਮਾਨ ਜੀਓ!
    ਤੁਸਾਂ ਦੋ ਨੁਕਤੇ ਉਠਾ ਕੇ ਮੈਨੂੰ ਜਾਗਦੇ ਰਹਿਣ ਤੇ ਸਤਰਕ ਰਹਿਣ ਵਾਸਤੇ ਪ੍ਰੇਰਿਆ ਹੈ। ਦਾਸ ਧੰਨਵਾਦੀ ਹੈ। ਉਹਨਾਂ ਦੋਹਾਂ ਨੁਕਤਿਆਂ ਬਾਰੇ ਬੇਨਤੀ ਇਉਂ ਹੈ ਕਿ-
(ੳ)  ਇਹ, ਸਾਕਿਨ-ਮੁਤਹੱਰਕ ਬਾਰੇ ਕੁਝ ਭੁਲੇਖੇ ਹਨ। ‘ਕਰਮ' ਵਿੱਚ ਤਿੰਨੇਂ ਅੱਖਰ ਮੁਕਤੇ ਹਨ ਪਰ ਨਾ ਤਿੰਨੇਂ ਸਾਕਿਨ ਹਨ ਤੇ ਤਿੰਨੇਂ ਮੁਤਹੱਰਕ ਹਨ। ਸਗੋਂ ਜੇ ਤੁਸੀਂ ‘ਕਰਮ' ਨੂੰ ‘ਕਰ+ਮ' ਉਚਾਰਦੇ ਹੋ ਤਾਂ ਇਹ ਤਰਤੀਬ-ਵਾਰ ‘ਮੁਤਹੱਰਕ+ਸਾਕਿਨ+ਮੁਤਹੱਰਕ' ਹੋਣਗੇ ਤੇ ਜੇ ਤੁਸੀਂ ਇਸ ਨੂੰ ‘ਕ+ਰਮ' ਉਚਾਰਦੇ ਹੋ ਤਾਂ ਇਹ ‘ਮੁਤਹੱਰਕ+ਮੁਤਹੱਰਕ+ਸਾਕਿਨ ਹੋਣਗੇ। ਜਿਵੇਂ ਅੱਜ ਕੱਲ੍ਹ ਦੀ ਸਿਆਸਤ ਵਿੱਚ ਕੋਈ ਕਿਸੇ ਦਾ ਪੱਕੇ ਤੌਰ 'ਤੇ ਨਾ ਦੋਸਤ ਹੁੰਦਾ ਹੈ ਤੇ ਨਾ ਪੁੱਕੇ ਤੌਰ 'ਤੇ ਦੁਸ਼ਮਣ, ਇਹ ਤਾਂ ਹਾਲਾਤ 'ਤੇ ਨਿਰਭਰ ਕਰਦਾ ਹੈ। ਇਸੇ ਤਰ੍ਹਾਂ ਕੋਈ ਅੱਖਰ ਵੀ ਪੱਕੇ ਤੌਰ 'ਤੇ ਨਾ ਤਾਂ ਸਾਕਿਨ ਹੁੰਦਾ ਹੈ ਤੇ ਨਾ ਮੁਤਹੱਰਕ, ਇਹ ਤਾਂ ਅੱਖਰ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਸਾਕਿਨ-ਮੁਤਹੱਰਕ ਦੀ ਗੱਲ ਮੈਂ ਵਿਦਿਆਰਥੀਆਂ ਨੂੰ ਬਹੁਤ ਅੱਗੇ ਜਾ ਕੇ ਸਪਸ਼ਟ ਕਰਨੀ ਹੈ। ਸਿਖਿਆਰਥੀ ਸਿਲੇਬਸ ਅਨੁਸਾਰ ਚੱਲਣ, ਇਹੀ ਉਨ੍ਹਾਂ ਲਈ ਲਾਹੇਵੰਦ ਹੈ।
(ਅ)  ਪਿੰਗਲ ਵਿੱਚ ਵੀ ਤੇ ਅਰੂਜ਼ ਵਿੱਚ ਵੀ ਉਚਾਰਨ ਦੀ ਛੋਟੀ ਤੋਂ ਛੋਟੀ ਇਕਾਈ ਇੱਕ ਅੱਖਰ (ਵਰਣ) ਹੀ ਹੈ। ‘ਕਰਮ' ਵਿੱਚ ਤਿੰਨੇਂ ਅੱਖਰ ‘ਲਘੂ' ਨਹੀਂ ਹਨ। ‘ਕਰ+ਮ' ਵਿੱਚ ‘ਕਰ' ਗੁਰੂ ਹੈ ਤੇ ‘ਮ' ਲਘੂ ਹੈ। ਇਸੇ ਤਰ੍ਹਾਂ ‘ਕ+ਰਮ' ਵਿੱਚ ‘ਕ' ਲਘੂ ਹੈ ਤੇ ‘ਰਮ' ਗੁਰੂ ਹੈ।
ਫਿਲਹਾਲ ਇਸ ਵਿਸ਼ੇ ਬਾਰੇ ਇਨ੍ਹੀ ਹੀ ਗੱਲ ਕਰਨੀ ਵਾਜਿਬ ਹੋਵੇਗੀ। ਸਮਾਂ ਆਉਣ 'ਤੇ ਸਾਕਿਨ-ਮੁਤਹੱਰਕ ਬਾਰੇ ਇੰਨੀਂ ਚੰਗੀ ਤਰ੍ਹਾਂ ਸਮਝਾਵਾਂਗਾ ਕਿ ਤਸੱਲੀ ਹੋ ਜਾਵੇਗੀ।
    ਮੇਰੀ ਅੱਧੀ-ਅਧੂਰੀ ਜਾਣਕਾਰੀ ਨੂੰ ਐਨਾਂ ਧਿਆਨ ਨਾਲ ਵਾਚਣ ਵਾਸਤੇ ਦਾਸ ਤੁਹਾਡਾ ਤਹਿਦਿਲੋਂ ਸ਼ੁਕਰ-ਗ਼ੁਜ਼ਾਰ ਹੈ ਜੀ।
12:58 AM | 1 comments

ਆਓ ਗ਼ਜ਼ਲ ਲਿਖਣੀ ਸਿੱਖੀਏ-2

Written By ਲਫ਼ਜ਼ਾਂ ਦਾ ਸੇਵਾਦਾਰ on Thursday, July 1, 2010 | 10:35 AM

ਪੰਜਾਬੀ ਪਿਆਰਿਓ ! ਲਫ਼ਜ਼ਾਂ ਦਾ ਪੁਲ ਦੀ 'ਆਓ ਗ਼ਜ਼ਲ ਲਿਖਣੀ ਸਿੱਖੀਏ' ਪਾਠ ਲੜੀ ਤਹਿਤ ਦੂਸਰਾ ਪਾਠ ਹਾਜ਼ਿਰ ਹੈ। ਇਹ ਪਾਠ ਪੜ੍ਹ ਕੇ ਤੁਹਾਡੇ ਮਨ ਵਿਚ ਜੋ ਵੀ ਸਵਾਲ, ਸ਼ੰਕੇ ਜਾਂ ਵਿਚਾਰ ਆਉਂਦੇ ਹਨ, ਉਹ ਤੁਸੀ ਲੇਖ ਦੇ ਹੇਠਾਂ ਟਿੱਪਣੀ (ਕੁਮੈਂਟ) ਦੇ ਰੂਪ ਵਿਚ ਲਿਖ ਸਕਦੇ ਹੋ। ਸਾਰੇ ਸਵਾਲ, ਸ਼ੰਕੇ ਅਤੇ ਵਿਚਾਰ ਅਮਰਜੀਤ ਸਿੰਘ ਸੰਧੂ ਹੁਰਾਂ ਤੱਕ ਪਹੁੰਚਾਏ ਜਾਣਗੇ ਅਤੇ ਉਨ੍ਹਾਂ ਦੇ ਜਵਾਬ ਅਗਲੇ ਲੇਖ ਦੇ ਨਾਲ ਪ੍ਰਕਾਸ਼ਿਤ ਕੀਤੇ ਜਾਣਗੇ। ਸੋ, ਸਿੱਖਣ ਅਤੇ ਸਿੱਖ ਕੇ ਲਿਖਣ ਦੀ ਸਾਡੀ ਇਸ ਪਹਿਲਕਦਮੀ ਵਿਚ ਸਾਡੇ ਨਾਲ ਕਦਮ ਮਿਲਾਓ, ਪੰਜਾਬੀ ਸਾਹਿਤ ਦਾ ਗੁਲਦਸਤਾ ਖੂਬਸੁਰਤ ਬਣਾਓ -ਲਫ਼ਜ਼ਾਂ ਦਾ ਸੇਵਾਦਾਰ

ਸਿਖਿਆਰਥੀਆਂ ਨਾਲ ਮੁਢਲੀਆਂ ਦੋ ਗੱਲਾਂ

ਪਹਿਲੀ ਗੱਲ

ਪਿਆਰੇ ਗ਼ਜ਼ਲ ਸਿਖਿਆਰਥੀਓ ! ਗ਼ਜ਼ਲ ਲਿਖਣ ਸਬੰਧੀ ਪਹਿਲਾ ਪਾਠ ਪੜ੍ਹਨ ਤੋਂ ਪਹਿਲਾਂ ਤੁਹਾਡੇ ਜ਼ਿਹਨ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਦੁਨੀਆਂ ਦਾ ਹਰ ਹੁਨਰ ਸਾਧਨਾ ਮੰਗਦਾ ਹੈ।
ਸਖ਼ਤ ਮਿਹਨਤ ਬਿਨਾਂ ਕੋਈ ਵੀ ਹੁਨਰ ਹੱਥ ਨਹੀਂ ਆਉਂਦਾ। ਮਿਹਨਤ ਦਾ ਕੋਈ ਬਦਲ ਨਹੀਂ। ਮੈਂ ਚਾਹੇ ਕਿੰਨੇਂ ਵੀ ਦਾਅਵੇ ਕਰਦਾ ਫਿਰਾਂ ਕਿ ਮੈਂ ਸ਼ਾਇਰੀ ਦੇ ਨੁਕਤੇ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਉਂਦਾ ਹਾਂ ਪਰ ਸ਼ਾਇਰੀ ਤਾਂ ਫਿਰ ਵੀ ਸ਼ਾਇਰੀ ਹੈ ਨਾ, ਜਿਸ ਬਾਰੇ ਮਿਰਜ਼ਾ ਗ਼ਾਲਿਬ ਜਿਹੇ ਮਹਾਨ ਸ਼ਾਇਰ ਨੂੰ ਵੀ ਕਹਿਣਾ ਪਿਆ ਕਿ-

    ਉਮਰ-ਭਰ ਕਾ ਹੈ ਤਜੁਰਬਾ ਅਪਨਾ,
    ਸ਼ਾਇਰੀ  ਉਮਰ-ਭਰ  ਨਹੀਂ  ਆਤੀ।

    ਸੋ ਗ਼ਜ਼ਲ ਲਿਖਣੀ ਸਿਖਣ ਲੱਗਿਆਂ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਧਕ ਇਸ ਪ੍ਰਤੀ ਬੜਾ ਦ੍ਰਿੜ-ਸੰਕਲਪ ਰੱਖਦਾ ਹੋਵੇ, ਹਰ ਨੁਕਤੇ ਦੀ ਤਹਿ ਤੱਕ ਜਾਣ ਦੀ ਧੁਨ ਉਸਦੇ ਮਨ ਵਿੱਚ ਸਮਾਈ ਹੋਵੇ ਅਤੇ ਇਰਾਦਾ ਤਾਂ ਇੰਨਾਂ ਬੁਲੰਦ ਹੋਵੇ ਕਿ ‘ਮੁਸ਼ਕਿਲ’ ਲਫ਼ਜ਼ ਉਸਦੇ ਸ਼ਬਦ-ਭੰਡਾਰ ਵਿੱਚ ਹੋਵੇ ਹੀ ਨਾ। ਇਸ ਖੇਤਰ ਵਿੱਚ ਕਾਮਯਾਬੀ ਲਈ ਇਹ ਵੀ ਜ਼ਰੂਰੀ ਹੈ ਕਿ ਸੰਕੋਚ ਉਸਦੇ ਸੁਭਾਅ ਦਾ ਹਿੱਸਾ ਨਾ ਹੋਵੇ। ਜਿਸ ਗੱਲ ਦੀ ਉਸ ਨੂੰ ਸਮਝ ਨਾ ਆਵੇ ਉਹ ਹਰ ਕਿਸੇ ਤੋਂ (ਵਿਸ਼ੇਸ਼ ਤੌਰ ’ਤੇ ਮੇਰੇ ਤੋਂ) ਨਿਰਸੰਕੋਚ ਆਪਣੀ ਸ਼ੰਕਾ ਨਿਵਿਰਤ ਕਰਨ ਦਾ ਹੀਲਾ ਕਰੇ। ਇਹ ਲੇਖ-ਲੜੀ ਕੋਈ ਦਿਲਚਸਪ ਨਾਵਲ ਨਹੀਂ, ਇਹ ਤਾਂ ਸਖ਼ਤ ਸਾਧਨਾ ਦਾ ਮਾਰਗ ਹੈ-

    ਜਿਨ ਢੂੰਡਾ ਤਿਨ ਪਾਇਆ, ਗਹਿਰੇ ਪਾਨੀ ਪੈਠ॥
    ਮੈਂ  ਬਪੁਰਾ  ਬੂਡਨ  ਡਰਾ,  ਰਹਾ  ਕਿਨਾਰੇ  ਬੈਠ॥


ਦੂਜੀ ਗੱਲ
    ਇਸ ਲੇਖ-ਲੜੀ ਨੂੰ ਇੱਕੋ ਸਿਟਿੰਗ ਵਿੱਚ ਪੜ੍ਹ ਜਾਣ ਦੀ ਕੋਸ਼ਿਸ਼ ਕਰਨ ਵਾਲੇ ਨਾ ਇਸ ਨੂੰ ਪੜ੍ਹ ਸਕਣਗੇ, ਨਾ ਸਮਝ ਸਕਣਗੇ। ਇਸ ਨੂੰ ਸਮਝਣ ਲਈ ਅਤੇ ਆਪਣੇ ਜ਼ਿਹਨ ਵਿੱਚ ਬਿਠਾ ਲੈਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਦੇ ਇਕ ਪਾਠ ਤੋਂ ਵੱਧ ਇਕ ਸਿਟਿੰਗ ਵਿੱਚ ਕਦੀ ਵੀ ਨਾ ਪੜ੍ਹਿਆ ਜਾਵੇ। ਜਦੋਂ ਬਹਿਰਾਂ ਦੀ ਗੱਲ ਚੱਲ ਰਹੀ ਹੋਵੇ ਤਾਂ ਇਕ ਉਪ-ਬਹਿਰ ਤੋਂ ਵੱਧ ਇਕ ਸਿਟਿੰਗ ਵਿੱਚ ਨਾ ਪੜ੍ਹੋ। ਪਰ ਜਿੰਨਾਂ ਪੜ੍ਹੋ, ਦਿਲ ਲਾ ਕੇ ਪੜ੍ਹੋ, ਉਸ ਨੂੰ ਆਪਣੇ ਜ਼ਿਹਨ ਵਿੱਚ ਵਸਾ ਲਉ ਤੇ ਉਸ ਦਾ ਲੰਮਾਂ ਅਭਿਆਸ ਕਰੋ। ਹਰ ਉਪ-ਬਹਿਰ ਵਿੱਚ ਘਟੋ-ਘਟ ਦੋ-ਤਿੰਨ ਗ਼ਜ਼ਲਾਂ (15-20 ਸ਼ਿਅਰ) ਜ਼ਰੂਰ ਲਿਖੋ ਤੇ ਫਿਰ ਅਗਲੀ ਉਪ-ਬਹਿਰ ਬਾਰੇ ਪੜ੍ਹੋ। ਸ਼ਾਇਰ ਤਾਂ ਤੁਹਾਨੂੰ ਤੁਹਾਡੀ ਆਪਣੀ ਸਾਧਨਾ ਅਤੇ ਅਭਿਆਸ ਨੇ ਬਨਾਉਣਾ ਹੈ, ਨਾ ਮੈਂ ਬਨਾਉਣਾ ਹੈ, ਨਾ ਮੇਰੀ ਇਸ ਲੇਖ-ਲੜੀ ਨੇ।
    ਇਕ ਪਾਠ ਪੜ੍ਹਨ, ਸਮਝਣ ਅਤੇ ਉਸ ਅਨੁਸਾਰ ਅਭਿਆਸ ਕਰਨ ’ਤੇ ਘਟੋ-ਘਟ ਇਕ ਮਹੀਨਾ ਤਾਂ ਲੱਗਣਾ ਹੀ ਚਾਹੀਦਾ ਹੈ। ਇਉਂ ਤੁਸੀਂ ਦੋ-ਢਾਈ ਸਾਲਾਂ ਵਿੱਚ ਪਰਪੱਕ ਗ਼ਜ਼ਲਗੋ ਬਣ ਜਾਉ ਤਾਂ ਆਪਾਂ ਨੂੰ ਹੋਰ ਕੀ ਚਾਹੀਦਾ ਹੈ! ਉਂਜ ਜੋ ਮਿਰਜ਼ਾ ਗ਼ਾਲਿਬ ਕਹਿੰਦਾ ਹੈ, ਝੂਠ ਤਾਂ ਉਹ ਵੀ ਨਹੀਂ।


ਆਓ ਗ਼ਜ਼ਲ ਲਿਖੀਏ ਪਾਠ-2

ਪਿਆਰੇ ਸਿਖਿਆਰਥੀਓ ! ‘ਗ਼ਜ਼ਲ' ਕਵਿਤਾ ਦਾ ਹੀ ਇੱਕ ਰੂਪ ਹੈ। ਕਵਿਤਾ ਵਾਂਗ ਹੀ ਇਹ ਲੈਅ ਵਿੱਚ ਲਿਖੀ ਅਤੇ ਪੜ੍ਹੀ ਜਾਂਦੀ ਹੈ। ਕਵਿਤਾ ਵਾਂਗ ਹੀ ਇਸ ਵਿੱਚ ਕਾਫ਼ੀਆ-ਰਦੀਫ਼ (ਤੁਕਾਂਤ) ਹੁੰਦੇ ਹਨ ਅਤੇ ਕਵਿਤਾ ਵਾਂਗ ਹੀ ਇਹ ਅਲੰਕਾਰਾਂ, ਮੁਹਾਵਰਿਆਂ ਅਤੇ ਲਕੋਕਤੀਆਂ ਨਾਲ ਸਜੀ ਹੋਈ ਮਨ-ਮੋਹਣੀ ਭਾਸ਼ਾ ਵਿੱਚ ਅਤੇ ਪਾਠਕਾਂ-ਸਰੋਤਿਆਂ ਨੂੰ ਆਪਣੇ ਵੱਲ ਖਿੱਚ ਲੈਣ ਵਾਲੀ ਸ਼ੈਲੀ ਵਿੱਚ ਗੱਲ ਕਰਦੀ ਹੈ। ਕਵਿਤਾ ਦੇ ਹਿੰਦੋਸਤਾਨੀ ਲਿਖਣ-ਢੰਗ ਨੂੰ ‘ਪਿੰਗਲ' ਕਿਹਾ ਜਾਂਦਾ ਹੈ ਅਤੇ ਅਰਬੀ ਲਿਖਣ-ਢੰਗ ਨੂੰ ‘ਅਰੂਜ਼' ਕਿਹਾ ਜਾਂਦਾ ਹੈ। ‘ਗ਼ਜ਼ਲ' ਜ਼ਿਆਦਾਤਰ ‘ਅਰੂਜ਼' ਅਨੁਸਾਰ ਹੀ ਲਿਖੀ ਤੇ ਪਰਖੀ ਜਾਂਦੀ ਹੈ, ਭਾਵੇਂ ਕਿ ਹੁਣ ਪਿੰਗਲ ਦੇ ਕੁਝ ਛੰਦਾਂ ਵਿੱਚ ਵੀ ਕੁਝ ਸ਼ਾਇਰਾਂ ਨੇ ਗ਼ਜ਼ਲਾਂ ਲਿਖੀਆਂ ਹਨ। 
    ਜਿਹੜੇ ਛੰਦ  (ਕਾਵਿ-ਵੰਨਗੀਆਂ) ਪਿੰਗਲ ਅਨੁਸਾਰ ਲਿਖੇ ਜਾਂਦੇ ਹਨ, ਉਹਨਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। 

1· ਮਾਤਰਿਕ ਛੰਦ
2· ਵਰਣਿਕ ਛੰਦ ਅਤੇ 
3· ਗਣਿਕ ਛੰਦ।
   ਗਣਿਕ ਛੰਦ ਦੀ ਪੂਰੀ ਸਤਰ (ਤੁਕ) ਨੂੰ ਗਣ (ਅੱਖਰ-ਗੁੱਟ) ਬਣਾ ਕੇ ਮਿਣਿਆ ਜਾਂਦਾ ਹੈ, ਵਰਣਿਕ ਛੰਦ ਨੂੰ ਕੇਵਲ ਅੱਖਰ (ਵਰਣ) ਗਿਣਕੇ, ਜਦ ਕਿ ਮਾਤਰਿਕ ਛੰਦ ਨੂੰ ਮਾਤਰਾਵਾਂ ਗਿਣਕੇ। ਭਾਵੇਂ ਕਿ ਗ਼ਜ਼ਲ ਗਣਿਕ-ਛੰਦ ਵਾਂਗ ਗਣ (ਰੁਕਨ) ਬਣਾਕੇ ਹੀ ਪਰਖੀ ਜਾਂਦੀ ਹੈ, ਪਰ ਪਿੰਗਲ ਦੇ ਗਣਾਂ ਅਤੇ ਅਰੂਜ਼ ਦੇ ਰੁਕਨਾਂ (ਗਣਾਂ) ਵਿੱਚ ਅੰਤਰ ਹੈ। ਮੁਢਲੇ ਤੌਰ 'ਤੇ ਗ਼ਜ਼ਲ ਦੇ ਰੂਪ ਨੂੰ ਸਮਝਣ ਵਾਸਤੇ ਸਾਨੂੰ ਮਾਤਰਿਕ-ਛੰਦ ਦੀ ਥੁਹੜੀ-ਬਹੁਤੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ।

ਮਾਤਰਾ ਕੀ ਹੈ? 

    ਅਸੀਂ ਜੋ ਵੀ ਬੋਲਦੇ ਜਾਂ ਲਿਖਦੇ ਹਾਂ, ਉਸ ਦੀ ਛੋਟੀ ਤੋਂ ਛੋਟੀ ਇਕਾਈ ਇੱਕ ਮਾਤਰਾ ਹੈ। ਯਾਨੀ ਕਿ ਬੋਲਿਆ ਜਾਣ ਵਾਲਾ ਹਰ ‘ਅੱਖਰ' ਇੱਕ ਮਾਤਰਾ ਹੈ ਤੇ ਉਸ ਨਾਲ ਜੇ ਕੋਈ ‘ਦੀਰਘ ਲਗ' (ਲੰਬੀ-ਲਗ) ਵੀ ਲੱਗੀ ਹੋਈ ਤਾਂ ਉਹ ਦੂਸਰੀ ਮਾਤਰਾ ਹੋਵੇਗੀ। ਜਾਂ ਇਉਂ ਸਮਝ ਲਉ ਕਿ ਇੱਕ ਅੱਖਰ ਨੂੰ ਉਚਾਰਨ ਵਿੱਚ ਜਿੰਨਾਂ ਸਮਾਂ ਲੱਗਦਾ ਹੈ ਉਹ ਇੱਕ ਮਾਤਰਾ ਹੈ। ਜਿਵੇਂ  ਲਫ਼ਜ਼ ‘ਕ' ਇੱਕ ਮਾਤਰਾ ਹੈ। ‘ਕਰ' ਦੀਆਂ ਦੋ ਮਾਤਰਾਵਾਂ ਹਨ, ‘ਕਰਨ' ਦੀਆਂ ਤਿੰਨ, ‘ਕਰਦਾ' ਦੀਆਂ ਚਾਰ ਅਤੇ ‘ਕਾਰੀਗਰ' ਦੀਆਂ ਛੇ ਮਾਤਰਾਵਾਂ ਹਨ। ਪੰਜਾਬੀ ਵਿੱਚ ਕੁੱਲ ਲਗਾਂ- ‘ਕੰਨਾਂ (ਾ) ਸਿਹਾਰੀ(ਿ), ਬਿਹਾਰੀ (ੀ), ਔਂਕੜ(ੁ), ਦੁਲੈਂਕੜੇ (ੂ), ਲਾਂ (ੇ), ਦੁਲਾਵਾਂ (ੈ), ਹੋੜਾ (ੋ), ਕਨੌੜਾ (ੌ), ਬਿੰਦੀ (ਂ), ਟਿੱਪੀ(ੰ ) ਅਤੇ ਅੱਧਕ '(ੱ ) ਹਨ। ਇਹਨਾਂ ਵਿੱਚੋਂ ‘ਸਿਹਾਰੀ, ਔਂਕੜ ਅਤੇ ਬਿੰਦੀ' ਲਘੂ ਲਗਾਂ (ਛੋਟੀਆਂ ਲਗਾਂ) ਹਨ, ਜਿਹਨਾਂ ਨੂੰ ਉਚਾਰਨ ਤੇ ਕੋਈ ਵੱਖਰਾ ਸਮਾਂ ਨਹੀਂ ਲੱਗਦਾ, ਇਹ ਲਗਾਂ ਜਿਸ ਅੱਖਰ ਨਾਲ ਲੱਗੀਆਂ ਹੁੰਦੀਆਂ ਹਨ, ਉਸੇ ਦੇ ਉਚਾਰਨ-ਸਮੇਂ ਵਿੱਚ ਇਹ ਵੀ ਉਚਾਰੀਆਂ ਜਾਂਦੀਆਂ ਹਨ, ਜਦ ਕਿ ਬਾਕੀ ਲਗਾਂ ਦੀਰਘ (ਲੰਮੀਆਂ) ਲਗਾਂ ਹਨ ਜਿਹਨਾਂ ਨੂੰ ਉਚਾਰਨ ਤੇ ਇੱਕ ਅੱਖਰ ਜਿੰਨਾਂ ਹੋਰ ਸਮਾਂ ਲੱਗ ਜਾਂਦਾ ਹੈ।
    ਸਮਝਣ ਲਈ ‘ਕ' ਬੋਲੋ। ਇਸ ਨੂੰ ਬੋਲਣ ਤੇ ਜਿੰਨਾਂ ਸਮਾਂ ਲੱਗਿਆ ਹੈ ਉਸ ਨੂੰ ਇੱਕ ਮਾਤਰਾ ਦਾ ਸਮਾਂ ਸਮਝ ਲਵੋ। ਹੁਣ ‘ਕਰ' ਬੋਲੋ, ਇਸ ਨੂੰ ਬੋਲਣ ਤੇ ਸਮਾਂ ‘ਕ' ਨਾਲੋਂ ਦੋ-ਗੁਣਾਂ ਲੱਗ ਗਿਆ, ਇਸ ਲਈ ‘ਕਰ' ਦੋ ਮਾਤਰਾਵਾਂ ਵਾਲਾ ਲਫ਼ਜ਼ ਹੋ ਗਿਆ। ਹੁਣ ‘ਕੀ' ਬੋਲੋ, ਇਸ ਤੇ ਵੀ ‘ਕ' ਬੋਲਣ ਨਾਲੋਂ ਦੋ-ਗੁਣਾਂ ਸਮਾਂ ਲੱਗ ਗਿਆ ਜਦ ਕਿ ‘ਕਰ' ਬੋਲਣ ਦੇ ਬਰਾਬਰ ਹੀ ਸਮਾਂ ਲੱਗਿਆ, ਇਸ ਲਈ ਇਹ ਵੀ ਦੋ ਮਾਤਰਾਵਾਂ ਵਾਲਾ ਲਫ਼ਜ਼ ਹੋ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ‘ਬਿਹਾਰੀ' ਵੀ ਇੱਕ ਮਾਤਰਾ ਦੇ ਬਰਾਬਰ ਹੋਈ। ਯਾਨੀ ਕਿ ‘ਦੀਰਘ ਲਗ' ਵੀ ਇੱਕ ‘ਅੱਖਰ' ਜਾਂ ਇੱਕ ਮਾਤਰਾ ਦੇ ਬਰਾਬਰ ਹੀ ਗਿਣੀ ਜਾਵੇਗੀ।
    ਹੁਣ ‘ਕਰਦ' ਬੋਲੋ। ਇਸ ਨੂੰ ਬੋਲਣ ਤੇ ਤਿੰਨ ਮਾਤਰਾਵਾਂ ਜਿੰਨਾਂ ਸਮਾਂ ਲੱਗ ਗਿਆ। ਹੁਣ ‘ਕੁਰਦ' ਅਤੇ ‘ਕਿਰਦ' ਬੋਲੋ। ਇਹਨਾਂ ਨੂੰ ਬੋਲਣ ਤੇ ਵੀ ਤਿੰਨ-ਤਿੰਨ ਮਾਤਰਾਵਾਂ ਜਿੰਨਾਂ (‘ਕਰਦ' ਜਿਨਾਂ) ਹੀ ਸਮਾਂ ਲੱਗਿਆ ਹੈ। ਭਾਵ ਕਿ ‘ਸਿਹਾਰੀ' ਅਤੇ ‘ਔਂਕੜ' ਨੂੰ ਉਚਾਰਨ ਵਾਸਤੇ ਕੋਈ ਵੱਖਰਾ ਸਮਾਂ ਨਹੀਂ ਲੱਗਿਆ। ‘ਬਿੰਦੀ' ਵੀ ਜਿਸ ਲਗ ਨਾਲ ਲੱਗੀ ਹੋਵੇ, ਉਸ ਨੂੰ ਕੇਵਲ ਅਨੁਨਾਸਿਕ (ਨੱਕ ਵਿੱਚ ਬੋਲਣ ਵਾਲੀ) ਹੀ ਕਰਦੀ ਹੈ, ਉਚਾਰਨ ਵਾਸਤੇ ਕੋਈ ਵਾਧੂ ਸਮਾਂ ਨਹੀਂ ਮੰਗਦੀ। ਇਸੇ ਲਈ ਇਹਨਾਂ ‘ਲਘੂ-ਲਗਾਂ' (ਛੋਟੀਆਂ-ਲਗਾਂ) ‘ਸਿਹਾਰੀ, ਔੰਕੜ ਅਤੇ ਬਿੰਦੀ' ਨੂੰ ਮਾਤਰਾਵਾਂ ਗਿਣਦੇ ਸਮੇਂ ਗਿਣਤੀ ਵਿੱਚ ਨਹੀਂ ਲਿਆ ਜਾਂਦਾ। ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲਈ ਜਾਵੇ।
    ਮਾਤਰਾਵਾਂ ਗਿਣਨ ਦਾ ਅਭਿਆਸ ਹੇਠ ਲਿਖੇ ਸ਼ਿਅਰ ਦੀਆਂ ਮਾਤਰਾਵਾਂ ਗਿਣਕੇ ਕਰਦੇ ਹਾਂ-
    
    ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ,     21 ਮਾਤਰਾਵਾਂ
    ਭਾਵੇਂ  ਬਾਪ ਦੇ ਬਾਪ ਦਾ ਬਾਪ ਆਵੇ।     21 ਮਾਤਰਾਵਾਂ

    ਉਪਰੋਕਤ ਸ਼ਿਅਰ ਦੀਆਂ ਦੋਹਾਂ ਤੁਕਾਂ ਵਿੱਚ 21-21 ਮਾਤਰਾਵਾਂ ਹਨ। ਪਿੰਗਲ ਅਨੁਸਾਰ ਇਹ ਛੰਦ ‘ਬੈਂਤ' ਹੈ, ਜਿਸਦੇ ਇੱਕ ਸ਼ਿਅਰ ਦੀਆਂ 40 ਮਾਤਰਾਵਾਂ ਹੁੰਦੀਆਂ ਹਨ। 20 ਮਾਤਰਾਵਾਂ ਪਿੱਛੋਂ ਅਰਧ-ਵਿਸ਼ਰਾਮ (ਕੌਮਾ) ਆਉਂਦਾ ਹੈ ਤੇ ਅਗਲੀਆਂ 20 ਮਾਤਰਾਵਾਂ ਪਿੱਛੋਂ ਪੂਰਨ-ਵਿਸ਼ਰਾਮ (ਡੰਡੀ) ਆਉਂਦਾ ਹੈ। 20 ਦੀ ਥਾਂ 19 ਜਾਂ 21 ਮਾਤਰਾਵਾਂ ਵੀ ਹੋਣ ਤਾਂ ਬੈਂਤ ਠੀਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਇੱਕ ਹੋਰ ਉਦਾਹਰਨ ਦੇਖੋ-
    ਹਮਰੀ ਕਰੋ  ਹਾਥ  ਦੈ  ਰੱਛਾ॥         16 ਮਾਤਰਾਵਾਂ
    ਪੂਰਨ ਹੋਇ ਚਿੱਤ ਕੀ ਇੱਛਾ॥         16 ਮਾਤਰਾਵਾਂ

    ਇੱਕ ਤੁਕ ਵਿੱਚ 16 ਮਾਤਰਾਵਾਂ ਰੱਖਣ ਵਾਲੇ ਛੰਦ ਨੂੰ ‘ਚੌਪਈ' ਕਿਹਾ ਜਾਂਦਾ ਹੈ। ਇਸ ਤਰ੍ਹਾਂ ਉਪਰੋਕਤ ਛੰਦ ‘ਚੌਪਈ ਛੰਦ' ਹੈ।
    ਪਰ  ‘ਅਰੂਜ਼'  ਅਨੁਸਾਰ ਕੇਵਲ ਮਾਤਰਾਵਾਂ ਹੀ ਨਹੀਂ ਗਿਣੀਆਂ ਜਾਂਦੀਆਂ ਸਗੋਂ ਮਾਤਰਾਵਾਂ ਦੀ ਤਰਤੀਬ ਵੀ ਵੇਖੀ ਜਾਂਦੀ ਹੈ। ਇਹ ਤਰਤੀਬ ਵੇਖਣ ਵਾਸਤੇ ਮਾਤਰਾਵਾਂ ਦੇ ਸਮੂਹ ਬਨਾਉਣੇ ਪੈਂਦੇ ਹਨ, ਜਿਨ੍ਹਾਂ ਨੂੰ ‘ਰੁਕਨ' ਕਿਹਾ ਜਾਂਦਾ ਹੈ। ਭਾਵੇਂ ਕਿ ਕਿਸੇ ਸ਼ਿਅਰ ਦਾ ਵਜ਼ਨ ਪਰਖਣ ਵਾਸਤੇ ‘ਸਾਕਿਨ-ਮੁਤਹੱਰਕ ਅੱਖਰਾਂ' ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਪਰ ਅਸੀਂ ਹਾਲ ਦੀ ਘੜੀ ਕੇਵਲ ‘ਲਘੂ-ਗੁਰੂ' ਨਾਲ ਹੀ ਵਜ਼ਨ ਪਰਖਣ ਦੀ ਵਿਧੀ ਬਾਰੇ ਗੱਲ ਕਰਾਂਗੇ ਤਾਂ ਕਿ ਸਿਖਿਆਰਥੀ ਛੇਤੀ ਤੋਂ ਛੇਤੀ ਗ਼ਜ਼ਲ ਲਿਖਣ ਦੇ ਕਾਬਿਲ ਹੋ ਜਾਣ।
    ਹਾਂ, ਪਿੰਗਲ ਅਨੁਸਾਰ ਵੀ ਤੇ ਅਰੂਜ਼ ਅਨੁਸਾਰ ਵੀ ਅਸੀਂ ਇੱਕ ਇਕੱਲੀ ਮਾਤਰਾ ਨੂੰ ‘ਲਘੂ' (ਛੋਟਾ) ਕਹਿੰਦੇ ਹਾਂ, ਜਿਸ ਦਾ ਨਿਸ਼ਾਨ (I) ਹੁੰਦਾ ਹੈ। ਜਦ ਕਿ ਦੋ ਮਾਤਰਾਵਾਂ ਦੇ ਜੋੜੇ ਨੂੰ ਅਸੀਂ ‘ਗੁਰੂ' (ਵੱਡਾ) ਕਹਿੰਦੇ ਹਾਂ, ਜਿਸ ਦਾ ਨਿਸ਼ਾਨ (S) ਹੁੰਦਾ ਹੈ। ‘ਕ',  ‘ਬ',  ‘ਤ',  ‘ਮ' ਆਦਿ ਸਾਰੇ ਇਕੱਲੇ ਅੱਖਰ ‘ਲਘੂ' (I)  ਹਨ, ਜਦ ਕਿ ‘ਕਰ', ‘ਚਲ', ‘ਕੀ', ‘ਬੂ', ‘ਤੇ' ਆਦਿ ਸਭ ਸ਼ਬਦ ਗੁਰੂ (S) ਹਨ, ਕਿਉਂਕਿ ਇਹਨਾਂ ਦੀਆਂ ਮਾਤਰਾਵਾਂ ਦਾ ਜੋੜ 2 ਬਣਦਾ ਹੈ। ਇਵੇਂ ਹੀ ਹੇਠ ਲਿਖੇ ਸ਼ਬਦਾਂ ਦੀਆਂ ਮਾਤਰਾਵਾਂ ਦੀ ਚਾਲ, ਜੋੜ ਅਤੇ ਤਰਤੀਬ ਇਸ ਤਰ੍ਹਾਂ ਹੋਵੇਗੀ-
    ਚ            ਚ                1             ਲਘੂ                       (I)
    ਚਲ         ਚ + ਲ          1+1         ਗੁਰੂ                       (S)
    ਚੀਲ       ਚੀ + ਲ          2+1         ਗੁਰੂ + ਲਘੂ              (SI)
    ਚਲੇ        ਚ + ਲੇ           1+2         ਲਘੂ + ਗੁਰੂ              (IS)
    ਚਾਬੀ      ਚਾ + ਬੀ          2+2         ਗੁਰੂ + ਗੁਰੂ              (SS)
    ਚਾਲਾਕ    ਚਾ + ਲਾ + ਕ   2+2+1     ਗੁਰੂ + ਗੁਰੂ + ਲਘੂ     (SSI)
    ਬਰੀਕੀ    ਬ + ਰੀ + ਕੀ   1+2+2     ਲਘੂ + ਗੁਰੂ +ਗੁਰੂ      (ISS)

    ਇੱਥੇ 1-2 ਦੀ ਤਰਤੀਬ ਬਣਾਉਂਦੇ ਸਮੇਂ ਇੱਕ ਗੱਲ ਦਾ ਖ਼ਿਆਲ ਰੱਖਿਆ ਜਾਣਾ ਜ਼ਰੂਰੀ ਹੈ ਕਿ ਜਿੱਥੇ ਦੋ ਅੱਖਰ ਇਕੱਠੇ ਉਚਾਰੇ ਜਾਂਦੇ ਹਨ ਉੱਥੇ ਹੀ ਉਹ ‘ਗੁਰੂ' ਦੇ ਵਜ਼ਨ ਵਿੱਚ ਗਿਣੇ ਜਾਣਗੇ ਅਤੇ ਜਿਹੜਾ ਅੱਖਰ ਅਲੱਗ ਉਚਾਰਿਆ ਜਾਵੇਗਾ ਉਹ ‘ਲਘੂ' ਹੀ ਰਹਿ ਜਾਵੇਗਾ। ਜਿਵੇਂ-
    ‘ਕਰਮ' ਲਫ਼ਜ਼ ਨੂੰ ਉਚਾਰਦਿਆਂ ਜੇ ‘ਕਰ' ਇਕੱਠਾ ਉਚਾਰਿਆ ਜਾਵੇਗਾ ਤਾਂ ਇਹ ‘ਗੁਰੂ' ਬਣ ਜਾਵੇਗਾ ਅਤੇ ‘ਮ' ਅਲੱਗ ਉਚਾਰਿਆ ਜਾਵੇਗਾ, ਸੋ ਇਹ ‘ਲਘੂ' ਰਹਿ ਜਾਵੇਗਾ। ਇੱਥੇ ਇਸ ਲਫ਼ਜ਼ ਦਾ ਉਚਾਰਨ ‘ਕਰ + ਮ' ਹੋਵੇਗਾ ਤੇ ਇਹ ‘ਗੁਰੂ + ਲਘੂ' (2+1) (SI) ਦੇ ਵਜ਼ਨ ਵਿੱਚ ਆਵੇਗਾ। ਇਸ ਵਜ਼ਨ ਅਨੁਸਾਰ ਇਸ ਦੇ ਅਰਥ ‘ਕੰਮ, ਭਾਗ ਜਾਂ ਕਿਸਮਤ' ਹੋਣਗੇ। ਪਰ ਜੇ ਇਸੇ ‘ਕਰਮ' ਲਫ਼ਜ਼ ਦੇ ‘ਕ' ਅੱਖਰ ਨੂੰ ਵੱਖਰਾ ਉਚਾਰਿਆ ਜਾਵੇਗਾ ਤਾਂ ਇਹ ‘ਕ' ‘ਲਘੂ' ਰਹਿ ਜਾਵੇਗਾ ਅਤੇ ਇਸ ਤੋਂ ਮਗਰੋਂ ਇਕੱਠੇ ਉਚਾਰੇ ਜਾਣ ਵਾਲੇ ਅੱਖਰ ‘ਰਮ' ‘ਗੁਰੂ' ਬਣ ਜਾਣਗੇ ਤੇ ਇਸ ਦਾ ਉਚਾਰਨ ‘ਕ + ਰਮ' ਹੋਵਗਾ ਤੇ ਤਰਤੀਬ ਅਤੇ ਵਜ਼ਨ 1+2 (ਲਘੂ + ਗੁਰੂ) (IS) ਦਾ ਹੋਵੇਗਾ। ਇਸ ਤਰਤੀਬ ਵਿੱਚ ਉਚਾਰੇ ਜਾਣ ਵਾਲੇ ‘ਕ + ਰਮ' ਲਫ਼ਜ਼ ਦੇ ਅਰਥ ‘ਉਰਦੂ ਵਿੱਚ ਮਿਹਰ, ਅਤੇ ਹਿੰਦੀ ਵਿੱਚ ਤਰਤੀਬ' ਹੋਣਗੇ। ਇਉਂ ਇਹ ਵੀ ਸਾਬਤ ਹੋ ਗਿਆ ਕਿ ਵਜ਼ਨ ਦੀ ਤਰਤੀਬ ਬਦਲਣ ਨਾਲ ਬਹੁਤੀ ਵਾਰ ਲਫ਼ਜ਼ਾਂ ਦੇ ਅਰਥ ਵੀ ਬਦਲ ਜਾਂਦੇ ਹਨ ਤੇ ਇਸੇ ਲਈ ਲਫ਼ਜ਼ਾਂ ਨੂੰ ਸਹੀ ਵਜ਼ਨ (ਤਰਤੀਬ) ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।
    ਉਪਰੋਕਤ ਪਾਠ ਨੂੰ ਵਾਰ-ਵਾਰ ਪੜ੍ਹਕੇ ਚੰਗੀ ਤਰ੍ਹਾਂ ਸਮਝ ਲਿਆ ਜਾਵੇ, ਕਿਉਂਕਿ ਇਹ ਗਿਆਨ ਗ਼ਜ਼ਲ ਲਿਖਦੇ ਸਮੇਂ ਥਾਂ-ਥਾਂ 'ਤੇ ਤੁਹਾਡੇ ਕੰਮ ਆਉਣਾ ਹੈ।

ਰੁਕਨ ਕੀ ਹਨ ? 
    ਰੁਕਨ (ਗਣ) ਅੱਖਰਾਂ ਦੀਆਂ ਉਹ ਛੋਟੀਆਂ ਛੋਟੀਆਂ ਇਕਾਈਆਂ (ਗੁੱਟ) ਹਨ ਜਿਹਨਾਂ ਨੂੰ ਜੋੜ ਕੇ ਅਸੀਂ ਪੂਰੇ ਸ਼ਿਅਰ ਦੀ ਲੰਬਾਈ ਜਾਂ ਵਜ਼ਨ ਮਿਣ-ਤੋਲ ਸਕਦੇ ਹਾਂ। 'S,  SI, SS, ISI, ISS' ਆਦਿ ਕੁਝ ਰੁਕਨਾਂ ਦੇ ਵਜ਼ਨ ਹੀ ਹਨ ਜਿਹੜੇ ਕਿ ਤਰਤੀਬ ਵਾਰ ‘1+1=2,  2+1=3,  2+2=4,  1+2+1=4,  1+2+2 =5' ਦੇ ਵਜ਼ਨ ਦੇ ਹਨ। ਆਪਾਂ ਸਭ ਤੋਂ ਪਹਿਲਾਂ  2+2=4 ਮਾਤਰਾਵਾਂ ਵਾਲੇ 'SS'  ਵਜ਼ਨ ਦੇ ਰੁਕਨ ਦੀ ਗੱਲ ਕਰਾਂਗੇ ਤੇ ਇਸੇ ਪਾਠ ਵਿੱਚ ਹੀ ਤੁਹਾਨੂੰ ਇਸ ਰੁਕਨ ਵਾਲੀ ਬਹਿਰ ਵਿੱਚ ਗ਼ਜ਼ਲ ਲਿਖਣ ਦਾ ਅਭਿਆਸ ਵੀ ਕਰਵਾਂਗੇ।
    2+2=4 ਮਾਤਰਾਵਾਂ ਦੇ ਵਜ਼ਨ ਦੇ ਰੁਕਨ ਨੂੰ ‘ਫ਼ੇਲੁਨ' ਕਿਹਾ ਜਾਂਦਾ ਹੈ। ਤੁਸੀਂ ਵੇਖ ਰਹੇ ਹੋ ਕਿ ‘ਫ਼ੇ + ਲੁਨ' ਰੁਕਨ ਦਾ ਆਪਣਾ ਵਜ਼ਨ ਵੀ 2 + 2=4 ਹੀ ਹੈ। ਅਰੂਜ਼ ਦੇ ਰੁਕਨਾਂ ਦੇ ਨਾਮ ਹੀ ਉਹਨਾਂ ਦੇ ਵਜ਼ਨ ਦਾ ਵੀ ਫ਼ੈਸਲਾ ਕਰ ਦਿੰਦੇ ਹਨ। ਇਸ ‘ਫ਼ੇਲੁਨ'  ਰੁਕਨ ਦੇ ਦੋ ਹਿੱਸੇ ਹਨ ‘ਫ਼ੇ' ਅਤੇ ‘ਲੁਨ'। ਦੋਹਾਂ ਹਿੱਸਿਆਂ ਦਾ ਵਜ਼ਨ 2-2 ਮਾਤਰਾਵਾਂ ਵਾਲਾ ਹੀ ਹੈ। ਇੱਥੇ ਦੋ-ਦੋ ਮਾਤਰਾਵਾਂ ਵਾਲੇ ਇਹਨਾਂ ਹਿੱਸਿਆਂ ਵਿੱਚ ਦੋ ਅੱਖਰ ਮਿਲਕੇ ਵੀ ਦੋ ਮਾਤਰਾਵਾਂ ਬਣਾ ਸਕਦੇ ਹਨ ਤੇ ਇੱਕ ਅੱਖਰ ਅਤੇ ਇੱਕ ਲਗ ਮਿਲਕੇ ਵੀ ਦੋ ਮਾਤਰਾਵਾਂ ਬਣਾ ਸਕਦੇ ਹਨ। ‘ਫ਼ੇਲੁਨ' ਰੁਕਨ ਦੇ ਵਜ਼ਨ ਵਿੱਚ ਉਚਾਰੇ ਜਾਣ ਵਾਲੇ ਅਨੇਕ ਲਫ਼ਜ਼ਾਂ ਵਿੱਚੋਂ ਕੁਝ ਕੁ ਇਹ ਹਨ :--
    ਦਿਲਬਰ (ਦਿਲ=2 + ਬਰ=2) =4
    ਕੀਰਤ   (ਕੀ=2 + ਰਤ=2)=4
    ਕਰਤਾ   (ਕਰ=2 + ਤਾ=2)=4
    
ਪਰ ਇੱਥੇ ‘ਵਿਧਾਨ' ਲਫ਼ਜ਼ ਚਾਰ ਮਾਤਰਾਵਾਂ ਦਾ ਹੁੰਦਾ ਹੋਇਆ ਵੀ ‘ਫ਼ੇਲੁਨ' ਦੇ ਵਜ਼ਨ ਦਾ ਨਹੀਂ ਬਣ ਸਕੇਗਾ, ਕਿਉਂਕਿ ਇਸ ਦੀ ਦੋ-ਦੋ ਮਾਤਰਾਵਾਂ ਦੀ ਸੰਧੀ-ਛੇਦ ਕਰਨ ਤੇ ਇਹ ‘ਵਿਧ + ਾਨ' ਬਣ ਜਾਵੇਗਾ ਜਿਸ ਵਿੱਚ ‘ਵਿਧ' ਤਾਂ ਠੀਕ ‘ਫ਼ੇ' ਦੇ ਵਜ਼ਨ 'ਤੇ ਬਣ ਗਿਆ ਪਰ ‘ਧ' ਦਾ ਕੰਨਾਂ ‘ਨ' ਵਾਲੇ ਜੋੜੇ ਵਿੱਚ ਆ ਗਿਆ ਤੇ ਆਪਣੇ ਮੂਲ ਅੱਖਰ ‘ਧ' ਤੋਂ ਅਲੱਗ ਹੋ ਗਿਆ। ‘ਵਿਧਾਨ' ਲਫ਼ਜ਼ ਅਸਲ ਵਿੱਚ ‘ਵਿ  1 + ਧਾ  2 + ਨ  1=4' ਮਾਤਰਾਵਾਂ ਵਾਲਾ ਹੈ ਤੇ ਇਸ ਦੀ ਤਰਤੀਬ ‘ਫ਼ੇਲੁਨ' (SS) ਵਾਲੀ ਨਹੀਂ, ਸਗੋਂ ‘ਫ਼ਊਲ'  (ISI) ਵਾਲੀ ਹੈ, ਯਾਨੀ ਕਿ ‘1 + 2 + 1=4' ਵਾਲੀ ਹੋਵੇਗੀ। ਇਸ ਤੋਂ ਇਹ ਵੀ ਸਿੱਧ ਹੋ ਗਿਆ ਕਿ ਅਰੂਜ਼ ਵਿੱਚ ਕੇਵਲ ਮਾਤਰਾਵਾਂ ਦੀ ਗਿਣਤੀ ਹੀ ਪੂਰੀ ਨਹੀਂ ਹੋਣੀ ਚਾਹੀਦੀ ਸਗੋਂ ਮਾਤਰਾਵਾਂ ਦੀ ਤਰਤੀਬ ਵੀ ਸਹੀ ਹੋਣੀ ਲਾਜ਼ਮੀ ਹੈ।
    ਇਸੇ ਤਰ੍ਹਾਂ ਇੱਕ ਰੁਕਨ ਹੈ ‘ਫ਼ੇ'। ਇਹ ਕੇਵਲ ਦੋ ਮਾਤਰਾਵਾਂ ਦਾ ਰੁਕਨ ਹੈ ਤੇ ਇਹਨਾਂ ਦੋ ਮਾਤਰਾਵਾਂ ਵਿੱਚ ਦੋਵੇਂ ਅੱਖਰ ਵੀ ਹੋ ਸਕਦੇ ਹਨ ਤੇ ਇੱਕ ਅੱਖਰ ਜਮ੍ਹਾਂ ਇੱਕ ਲਗ ਵੀ। ਇਸ ਵਜ਼ਨ ਦੇ ਕੁਝ ਹੋਰ ਲਫ਼ਜ਼ ਇਹ ਹੋ ਸਕਦੇ ਹਨ- ‘ਤੇ, ਬਸ, ਚਲ, ਜੀ, ਰੂ, ਓ' ਆਦਿ। ਇਸ ਦੀ ਨਿਸ਼ਾਨੀ ਗੁਰੂ (S) ਹੈ ਜਦ ਕਿ ‘ਫ਼ੇਲੁਨ' ਦੀ ਨਿਸ਼ਾਨੀ (SS) ਹੈ।

    ‘ਫ਼ੇਲੁਨ' ਰੁਕਨ ਵਾਲੀਆਂ ਬਹਿਰਾਂ ਵਿੱਚ ਕੁਝ ਕੁ ਛੋਟਾਂ ਵੀ ਹਨ ਪਰ ਛੋਟਾਂ ਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ।

ਅਭਿਆਸ
ਪਹਿਲੇ ਪਾਠ ਦੇ ਅਭਿਆਸ ਵਿੱਚ ਅਸੀਂ ਉਪਰੋਕਤ ਦੋ ਹੀ ਰੁਕਨਾਂ ਦੇ ਮੇਲ ਨਾਲ ਬਣੀ ਬਹਿਰ ਵਾਲੀ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕਰਾਂਗੇ। ਇੱਕ ਸ਼ਿਅਰ ਪੜ੍ਹੋ-

    ਕਿਉਂ  ਡਾਢੇ  ਤੋਂ  ਡਰਦਾ  ਹੈਂ ?
    ਡਰਦਾ   ਹਰ-ਹਰ   ਕਰਦਾ  ਹੈਂ।

    ਇਸ ਸ਼ਿਅਰ ਦੀ ‘ਤਕਤੀਹ' (ਵਜ਼ਨ ਦੀ ਪੜਤਾਲ) ਇਸ ਤਰ੍ਹਾਂ ਹੋਵੇਗੀ-

    (ਤਕਤੀਹ ਕਰਦੇ ਸਮੇਂ ਅਸੀਂ ਗੁਰੂ (S) ਦੇ ਹੇਠਾਂ ਦੋ ਮਾਤਰਾਵਾਂ ਵਾਲੇ ਅੱਖਰ ਲਿਖਾਂਗੇ ਅਤੇ ਲਘੂ (I) ਦੇ ਹੇਠਾਂ ਇੱਕ ਮਾਤਰਾ ਵਾਲਾ ਅੱਖਰ ਲਿਖਾਂਗੇ ਤੇ ਪਰਖਾਂਗੇ ਕਿ ਕੀ ਹੇਠਾਂ ਲਿਖਿਆ ਗਿਆ ਸ਼ਿਅਰ ਬਹਿਰ ਦੇ ਰੁਕਨਾਂ ਦੇ ਬਰਾਬਰ ਦਾ ਬਣਿਆ ਹੈ ਕਿ ਨਹੀਂ।)   
    ਫ਼ੇ    -  ਲੁਨ        ਫ਼ੇ   -  ਲੁਨ      ਫ਼ੇ   -  ਲੁਨ      ਫ਼ੇ
                                                                 
    2    +    2         2   +   2       2    +   2        2

    ਕਿਉਂ     ਡਾ        ਢੇ       ਤੋਂ       ਡਰ      ਦਾ        ਹੈਂ

    ਫ਼ੇ   -  ਲੁਨ          ਫ਼ੇ  -   ਲੁਨ     ਫ਼ੇ   -   ਲੁਨ     ਫ਼ੇ
                                                                 
    2    +    2          2   +   2        2   +   2       2

    ਡਰ       ਦਾ         ਹਰ      ਹਰ       ਕਰ     ਦਾ      ਹੈਂ

ਹੁਣ ਇਸ ਸ਼ਿਅਰ ਨੂੰ ਵਾਰ ਵਾਰ ਪੜ੍ਹੋ। ਉੱਠਦੇ-ਬੈਠਦੇ, ਤੁਰਦੇ-ਫਿਰਦੇ ਪੜ੍ਹਦੇ ਰਹੋ। ਇਸ ਦੀ ਲੈਅ ਆਪਣੇ ਜ਼ਿਹਨ ਵਿੱਚ ਵਸਾ ਲਉ। ਫਿਰ ਇਸੇ ਲੈਅ ਵਿੱਚ ਆਪਣੇ ਕੁਝ ਲਫ਼ਜ਼ ਗੁਣਗੁਨਾਉਣ ਦੀ ਕੋਸ਼ਿਸ਼ ਕਰੋ। ਜਦ ਤੁਸੀਂ ਸਮਝੋ ਕਿ ਤੁਹਾਡੇ ਲਫ਼ਜ਼ ਵੀ ਇਸੇ ਲੈਅ ਵਿੱਚ ਗੁਣਗੁਣਾਏ ਜਾ ਰਹੇ ਹਨ ਤਾਂ ਉਹਨਾਂ ਲਫ਼ਜ਼ਾਂ ਨੂੰ ਲਿਖ ਲਉ। ਜ਼ਰੂਰੀ ਨਹੀਂ ਕਿ ਤੁਹਾਡਾ ਇਹ ਪਹਿਲਾ ਸ਼ਿਅਰ ਬਹੁਤ ਉੱਚ-ਪਾਏ ਦਾ ਬਣ ਜਾਵੇ, ਬੱਸ ਲੈਅ ਵਿੱਚ ਪੂਰਾ ਹੋਵੇ ਤੇ ਇਸ ਨੂੰ ਲਿਖ ਲਉ। ਫਿਰ ਉਪਰੋਕਤ ਤਰੀਕੇ ਨਾਲ ਇਸ ਨੂੰ ਮਿਣਨ ਦੀ (ਤਕਤੀਹ ਕਰਨ ਦੀ) ਕੋਸ਼ਿਸ਼ ਕਰੋ ਜਾਂ ਆਪਣੇ ਨੇੜੇ ਦੇ ਕਿਸੇ ਅੱਛੇ ਗ਼ਜ਼ਲਗੋ ਨੂੰ ਵਿਖਾ ਲਉ। ਪਰ ਇਸ ਗੱਲ ਦਾ ਧਿਆਨ ਰਹੇ ਕਿ ਉਹ ਗ਼ਜ਼ਲਗੋ ਨਾ ਤਾਂ ਤੁਹਾਨੂੰ ਸਿੱਖਣ ਵੱਲੋਂ ਨਿਰਉਤਸ਼ਾਹਿਤ ਕਰਨ ਵਾਲਾ ਹੋਵੇ ਤੇ ਨਾ ਹੀ ‘ਸਭ ਅੱਛਾ ਹੈ ਜੀ' ਕਹਿਣ ਵਾਲਾ ਹੋਵੇ। ਹੋਰ ਕੋਈ ਨਾ ਮਿਲੇ ਤਾਂ ਦਾਸ ਨੂੰ ਆਪਣੇ ਸ਼ਿਅਰ ਭੇਜ ਕੇ ਰਾਏ ਲੈ ਲਉ। ਇਹ ਵੀ ਯਾਦ ਰੱਖੋ ਕਿ ‘ਅਰੂਜ਼' ਕਿਸੇ ਨੂੰ ਸ਼ਾਇਰ ਨਹੀਂ ਬਣਾ ਸਕਦਾ। ਸ਼ਾਇਰੀ ਤਾਂ ਪਰਮਾਤਮਾ ਦੀ ਦੇਣ ਹੈ ਅਤੇ ਇਨਸਾਨ ਦੇ ਅੰਦਰ ਇਹ ਪਹਿਲਾਂ ਤੋਂ ਹੀ ਛੁਪੀ ਹੁੰਦੀ ਹੈ। ‘ਅਰੂਜ਼' ਜਾਂ ‘ਉਸਤਾਦ' ਤਾਂ ਇਸ ਨੂੰ ਕੇਵਲ ਸਹੀ ਦਿਸ਼ਾ ਹੀ ਦੇ ਸਕਦਾ ਹੈ।
    
   ਦੂਜੀ ਗੱਲ ਕਿ ਗ਼ਜ਼ਲ ਲਿਖਣ ਵਾਸਤੇ, ਤਕਤੀਹ ਕਰਨ ਵਾਂਗ ਉਪਰੋਕਤ ਰੁਕਨ ਲਿਖ ਕੇ ਉਹਨਾਂ ਦੇ ਹੇਠਾਂ ਉਹਨਾਂ ਦੇ ਵਜ਼ਨ ਦੇ ਲਫ਼ਜ਼ ਭਰਨ ਦੀ ਕੋਸ਼ਿਸ਼ ਨਾ ਕਰੋ। ਇਸ ਤਰ੍ਹਾਂ ਇੱਟਾਂ ਵਾਂਗ ਜੜੇ ਗਏ ਲਫ਼ਜ਼ ਕਦੀ ਅੱਛੀ ਤੇ ਸਾਹਿਤਕ ਗ਼ਜ਼ਲ ਨਹੀਂ ਬਣ ਸਕਣਗੇ। ਸਗੋਂ ਪਹਿਲਾਂ ਉਸ ਗ਼ਜ਼ਲ ਜਾਂ ਉਸ ਸ਼ਿਅਰ ਨੂੰ ਪੜ੍ਹ-ਪੜ੍ਹ ਕੇ ਉਸ ਦੀ ਤਰਜ਼ ਨੂੰ ਆਪਣੇ ਜ਼ਿਹਨ ਵਿੱਚ ਵਸਾ ਲਉ, ਜਿਸ ਦੀ ਤਰਜ਼ 'ਤੇ ਤੁਸੀਂ ਆਪਣੇ ਸ਼ਿਅਰ ਲਿਖਣਾ ਚਾਹੁੰਦੇ ਹੋ। ਫਿਰ ਉਸੇ ਤਰਜ਼ ਵਿੱਚ ਆਪਣੇ ਸ਼ਿਅਰ ਲਿਖਣ ਦੀ ਕੋਸ਼ਿਸ਼ ਕਰੋ। ਤੇ ਫਿਰ ਉਹਨਾਂ ਦੀ ਤਕਤੀਹ ਕਰਕੇ ਪਰਖ ਲਉ। ਇਹ ਅਭਿਆਸ ਵਾਰ ਵਾਰ ਅਤੇ ਬਹੁਤ ਦੇਰ ਕਰਨ ਨਾਲ ਹਰ ਹਾਲਤ ਵਿੱਚ ਕਾਮਯਾਬੀ ਮਿਲੇਗੀ।
    
    ਹੋ ਸਕਦਾ ਹੈ ਕਿ ਪਹਿਲਾਂ ਪਹਿਲਾਂ ਇਹ ਵਿਸ਼ਾ ਤੁਹਾਨੂੰ ਬੇਮਜ਼ਾ ਤੇ ਖੁਸ਼ਕ ਪ੍ਰਤੀਤ ਹੋਵੇ, ਪਰ ਹੌਲੀ-ਹੌਲੀ ਇਸ ਵਿੱਚੋਂ ਵੀ ਤੁਹਾਨੂੰ ਮਜ਼ਾ ਆਉਣ ਲੱਗੇਗਾ। ਖ਼ਾਸ ਕਰਕੇ ਤੁਹਾਡੀਆਂ ਗ਼ਜ਼ਲਾਂ 'ਤੇ ਕੋਈ ਉਂਗਲ ਨਹੀਂ ਧਰ ਸਕੇਗਾ, ਜਦ ਕਿ ਵੇਖਿਆ ਜਾਂਦਾ ਹੈ ਕਿ ਵੱਡੇ ਵੱਡੇ ਨਾਵਾਂ ਹੇਠ ਛਪਣ ਵਾਲੀਆਂ ਗ਼ਜ਼ਲਾਂ ਵੀ ਗ਼ਲਤੀਆਂ ਨਾਲ ਭਰਪੂਰ ਹੁੰਦੀਆਂ ਹਨ। ਕਿਸੇ  ਉਸਤਾਦ ਸ਼ਾਇਰ ਨੂੰ  ਮਹਿਫ਼ਿਲ ਵਿੱਚ ਮਿਲਦੀ ‘ਦਾਦ' (ਉਸਤਤ) ਵੇਖੋ, ਫਿਰ ਤੁਹਾਡਾ ਵੀ ਦਿਲ ਕਰੇਗਾ ਕਿ ਤੁਸੀਂ ਵੀ ਇੰਨਾਂ ਹੀ ਵਧੀਆ ਲਿਖ ਸਕੋ ਅਤੇ ਤੁਹਾਨੂੰ ਵੀ ਇਸੇ ਤਰ੍ਹਾਂ ਦਾਦ ਮਿਲੇ।
    ਉਪਰੋਕਤ ਮਿਸਰੇ (ਤੁਕ) ਨਾਲ ਮਿਲਦੀ ਬਹਿਰ ਵਿੱਚ ਕੁਝ ਹੋਰ ਸ਼ਿਅਰ ਸਿਖਿਆਰਥੀਆਂ ਦੀ ਰਹਿਨੁਮਾਈ ਵਾਸਤੇ ਛਾਪੇ ਜਾ ਰਹੇ ਹਨ। ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਪ ਵੀ ਇਹੋ ਜਿਹੇ ਸ਼ਿਅਰ ਲਿਖਣ ਦੀ ਕੋਸ਼ਿਸ਼ ਕਰੋ।

ਸੱਚ ਕਹਿਣ ਤੋਂ ਡਰਦਾ ਹੈਂ।            ਕਿਉਂ ਡਾਢੇ ਤੋਂ ਡਰਦਾ ਹੈਂ।
ਤਾਂ ਹੀ ਦੁਖੜੇ  ਜਰਦਾ ਹੈਂ।            ਉਸ ਦਾ ਪਾਣੀ  ਭਰਦਾ ਹੈਂ।

ਹੱਥੀਂ   ਤੋਰੇ   ਸੱਜਣ   ਤੂੰ,             ਯਾਰਾਂ  ਤੋਂ  ਕੁਝ  ਪੁੱਛੇਂ ਨਾ,
ਹੁਣ ਕਿਉਂ ਹੌਕੇ ਭਰਦਾ ਹੈਂ।            ਆਪ-ਮੁਹਾਰੀ  ਕਰਦਾ  ਹੈਂ।
       
ਸਿੱਖ ਸਲੀਕਾ ਜੀਵਨ ਦਾ,            ਓਹੀ   ਤੈਨੂੰ   ਮਾਰਨ  ਗੇ,
ਬੇ-ਮਕਸਦ ਕਿਉਂ ਮਰਦਾ ਹੈਂ।            ਜਿੰਨ੍ਹਾਂ  'ਤੇ  ਤੂੰ ਮਰਦਾ ਹੈਂ।
                ਜਨਾਬ ਦੇਸ ਰਾਜ ‘ਜੀਤ'           ਜਨਕ ਰਾਜ ‘ਜਨਕ'

ਜ਼ਰੂਰੀ ਨੋਟ
ਕਾਮਯਾਬ ਹੋਣ ਦੀ ਇੱਛਾ ਰੱਖਦੇ ਸਿਖਿਆਰਥੀ ਲਈ ਜ਼ਰੂਰੀ ਹੈ ਕਿ ਅਗਲਾ ਪਾਠ ਪੜ੍ਹਨ ਤੋਂ ਪਹਿਲਾਂ ਪਿਛਲੇ ਪਾਠ ਨੂੰ ਚੰਗੀ ਤਰ੍ਹਾਂ ਸਮਝ ਅਤੇ ਪਕਾ ਲਿਆ ਜਾਵੇ ਤੇ ਅਭਿਆਸ ਦੇ ਤੌਰ 'ਤੇ ਉਪਰੋਕਤ ਬਹਿਰ ਵਿੱਚ ਦੋ-ਚਾਰ ਗ਼ਜ਼ਲਾਂ ਲਿਖ ਲਈਆਂ ਜਾਣ, ਆਪ ਪਰਖ ਲਈਆਂ ਜਾਣ ਤੇ ਗ਼ਜ਼ਲ ਦੇ ਕਿਸੇ ਜਾਣਕਾਰ ਕੋਲੋਂ ਜਾਂ ਡਾਕ ਰਾਹੀਂ ਮੇਰੇ ਕੋਲੋਂ ਪਰਖਾ ਲਈਆਂ ਜਾਣ।

-ਅਮਰਜੀਤ ਸਿੰਘ ਸੰਧੂ, ਦਕੋਹਾ, ਜਲੰਧਰ
sandhupoet@gmail.com

10:35 AM | 4 comments

ਆਓ ਗ਼ਜ਼ਲ ਲਿਖਣੀ ਸਿੱਖੀਏ-1

Written By ਲਫ਼ਜ਼ਾਂ ਦਾ ਸੇਵਾਦਾਰ on Monday, May 24, 2010 | 10:36 AM

 ਲਫ਼ਜ਼ਾਂ ਦਾ ਪੁਲ ਦੇ ਮਦਦ ਸੈਕਸ਼ਨ ਰਾਹੀਂ ਅਸੀ ਪੰਜਾਬੀ ਭਾਸ਼ਾ ਨੂੰ ਕੰਮਪਿਊਟਰ ਤੇ ਵਰਤਣ ਦੀ ਤਕਨੀਕ ਬਾਰੇ ਜਾਣਕਾਰੀ ਦਿੰਦੇ ਹਾਂ। ਲੰਮੇ ਸਮੇਂ ਤੋਂ ਅਸੀ ਇਸ ਰਾਹੀਂ ਸਾਹਿਤਕ ਸਿਨਫਾਂ ਦੀਆਂ ਬਾਰੀਕੀਆਂ ਦੱਸਣ ਲਈ ਵੀ ਕਾਰਜਸ਼ੀਲ ਸਾਂ ਅਤੇ ਸਾਡੇ ਯਤਨਾਂ ਨੂੰ ਓਦੋਂ ਬੂਰ ਪਿਆ, ਜਦੋਂ ਉਸਤਾਦ ਸ਼ਾਇਰ ਅਮਰਜੀਤ ਸਿੰਘ ਸੰਧੂ ਹੁਰਾਂ ਨੇ ਆਪਣੇ ਲੰਬੇ ਤਜਰਬੇ ਅਤੇ ਸ਼ਾਇਰੀ ਦੇ ਹੁਨਰ ਰਾਹੀਂ ਗ਼ਜ਼ਲ ਸਿਨਫ਼ ਬਾਰੇ ਜਾਣਕਾਰੀ ਭਰਪੂਰ ਲੇਖ ਲਫ਼ਜ਼ਾਂ ਦਾ ਪੁਲ ਨਾਲ ਸਾਂਝੇ ਕਰਨ ਬਾਰੇ ਸਹਿਮਤੀ ਦਿੱਤੀ। ਉਨ੍ਹਾਂ ਦੇ ਇਹ ਲੇਖਕ ਚਰਚਿਤ ਅਖਬਾਰਾਂ ਵਿਚ ਲੜੀਵਾਰ ਛਪੇ ਹਨ ਅਤੇ ਹੁਣ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇੰਟਰਨੈੱਟ ਦੇ ਪਾਠਕਾਂ ਦੇ ਸਮੇਂ ਅਤੇ ਰੁਝਾਨ ਨੂੰ ਧਿਆਨ ਵਿਚ ਰਖਦੇ ਹੋਏ ਅਸੀ ਇਹ ਲੇਖ ਸੰਪਾਦਿਤ ਕਰ ਕੇ ਛਾਪ ਰਹੇ ਹਾਂ, ਤਾਂ ਜੋ ਘੱਟ ਸ਼ਬਦਾਂ ਵਿਚ ਵਧੇਰੇ ਜਾਣਕਾਰੀ ਪਾਠਕਾਂ ਤੱਕ ਪਹੁੰਚਾਈ ਜਾ ਸਕੇ। ਇਸ ਈ-ਮਦਦ ਲੇਖ ਲੜੀ ਤਹਿਤ ਨੌਜਵਾਨ/ਸਿਖਾਂਦਰੂ ਸ਼ਾਇਰ ਗ਼ਜ਼ਲ ਦੀਆਂ ਬਾਰੀਕੀਆਂ ਬਹੁਤ ਹੀ ਸੌਖੇ ਅਤੇ ਸਾਦਾ ਢੰਗ ਨਾਲ ਸਿੱਖ ਸਕਣਗੇ ਅਤੇ ਇਸ ਬਾਰੇ ਸਵਾਲ ਅਤੇ ਸ਼ਕਿਆਂ ਨੂੰ ਦੂਰ ਕਰ ਸਕਣਗੇ। ਅਸੀ ਇਕ ਨਿਸ਼ਚਿਤ ਵਕਫ਼ੇ ਨਾਲ ਇਸ ਲੜੀ ਦੇ ਲੇਖ ਇਕ-ਇਕ ਕਰ ਕੇ ਪ੍ਰਕਾਸ਼ਿਤ ਕਰਾਂਗੇ। ਅਗਲਾ ਲੇਖ ਛਪਣ ਤੋਂ ਪਹਿਲਾਂ ਪਾਠਕ ਛਪੇ ਹੋਏ ਲੇਖ ਬਾਰੇ ਆਪਣੇ ਸਵਾਲ, ਸ਼ੰਕੇ ਅਤੇ ਵਿਚਾਰ ਟਿੱਪਣੀਆਂ ਰਾਹੀਂ ਲਿਖ ਸਕਦੇ ਹਨ। ਸਾਰੇ ਸਵਾਲ ਸੰਧੂ ਸਾਹਬ ਕੋਲ ਪੁੱਜਦੇ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਜਵਾਬ ਵੀ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਤਰ੍ਹਾਂ ਇੰਟਰਨੈੱਟ ਰਾਹੀਂ ਗ਼ਜ਼ਲ ਲਿਖਣੀ ਸਿੱਖਣ ਦਾ ਨਿਵੇਕਲਾ ਤਜਰਬਾ ਹੋਵੇਗਾ। ਇਸ ਦੀ ਸ਼ੁਰੂਆਤ ਅਸੀ ਕਵਿਤਾ ਅਤੇ ਇਸ ਦੀਆਂ ਸ਼ਾਖਾਵਾਂ ਬਾਰੇ ਮੁੱਢਲੀ ਜਾਣਕਾਰੀ ਦਿੰਦਾ ਲੇਖ ਛਾਪ ਕੇ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿਚ ਪਿੰਗਲ/ਅਰੂਜ਼ ਮੁਤਾਬਿਕ ਗ਼ਜ਼ਲ ਦੇ ਕੱਲੇ-ਕੱਲੇ ਵਜ਼ਨ-ਬਹਿਰ ਬਾਰੇ ਵਿਸਤਾਰ ਵਿਚ ਲੇਖ ਛਾਪੇ ਜਾਣਗੇ। ਸੋ ਆਓ ਰਲ ਕੇ ਗ਼ਜ਼ਲ ਸਿੱਖੀਏ ਅਤੇ ਸਿੱਖ ਕੇ ਲਿਖੀਏ। -ਲਫ਼ਜ਼ਾਂ ਦਾ ਸੇਵਾਦਾਰ
ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਕੀ ਹੈ?

ਕਈ ਸੁਹਿਰਦ ਸਾਹਿਤ-ਸਿਖਿਆਰਥੀ ਪੁੱਛਦੇ ਨੇ ਕਿ ਗੀਤ, ਗ਼ਜ਼ਲ ਤੇ ਕਵਿਤਾ ਵਿੱਚ ਫ਼ਰਕ ਕੀ ਹੈ? ਜੇ ਸੁਹਿਰਦਤਾ ਨਾਲ ਪੁੱਛਿਆ ਗਿਆ ਹੋਵੇ ਤਾਂ ਇਹ ਬੜਾ ਅਹਿਮ ਸਵਾਲ ਹੈ ਤੇ ਇਸ ਦਾ ਬੜਾ ਸਾਦਾ ਤੇ ਸਪਸ਼ਟ ਉੱਤਰ ਮਿਲਨਾ ਹੀ ਚਾਹੀਦਾ ਹੈ। ਇਸ ਲੇਖ ਵਿੱਚ ਮੈਂ ਇਹੋ ਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਗੀਤ, ਗ਼ਜ਼ਲ ਅਤੇ ਕਵਿਤਾ ਕੀ ਹੁੰਦੇ ਹਨ?

ਇੱਕ ਸਪਸ਼ਟ ਅਤੇ ਨਿਸ਼ਚਿਤ ਲੈਅ ਵਿੱਚ ਲਿਖੀ ਲਿਖਤ ਨੂੰ ਆਪਾਂ ਨਜ਼ਮ ਜਾਂ ਕਵਿਤਾ ਕਹਿੰਦੇ ਹਾਂ। ਅਸਲ ਵਿੱਚ ਜਿਸ ਲੈਅ-ਯੁਕਤ ਲਿਖਤ ਨੂੰ ਹਿੰਦੀ ਭਾਸ਼ਾ ਵਿੱਚ ‘ਕਵਿਤਾ’ ਕਿਹਾ ਜਾਂਦਾ ਹੈ, ਉਸੇ ਨੂੰ ਹੀ ਉਰਦੂ ਭਾਸ਼ਾ ਵਾਲੇ ‘ਨਜ਼ਮ’ ਕਹਿੰਦੇ ਹਨ। ਫਰਕ ਕੇਵਲ ਭਾਸ਼ਾ ਦਾ ਹੈ, ਗੁਣਵੱਤਾ ਦਾ ਨਹੀਂ। ਜਿਵੇਂ ਹਿੰਦੀ ਵਾਲੀ ‘ਗੇਹੂੰ’ ਹੀ ਉਰਦੂ ਵਿੱਚ ‘ਗੰਦਮ’ ਹੋ ਜਾਂਦੀ ਹੈ ਤੇ ਇਹ ਦੋਵੇਂ ਨਾਮ ‘ਕਣਕ’ ਦੇ ਹੀ ਹਨ। ਪੰਜਾਬੀ ਵਿੱਚ ‘ਕਵਿਤਾ’ ਅਤੇ ‘ਨਜ਼ਮ’ ਦੋਵੇਂ ਨਾਮ ਇੱਕੋ ਜਿੰਨੇ ਹੀ ਪ੍ਰਚਚਿੱਲਤ ਹਨ। ਅੱਗੇ ਕਵਿਤਾ (ਨਜ਼ਮ) ਦੇ ਵਿਆਪਕ ਦਰਖ਼ਤ ਦੀਆਂ ਕਈ ਸ਼ਾਖਾਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਵਿ¤ਚੋਂ ਕੁਝ ਪ੍ਰਮੁੱਖ ਹਨ- ਗੀਤ, ਗ਼ਜ਼ਲ, ਕਵਿਤਾ ਅਤੇ ਵਾਰ। ਇਹਨਾਂ ਵਿੱਚ ‘ਕਵਿਤਾ’ ਇੱਕ ਵੱਖਰੀ ਵੰਨਗੀ ਦੇ ਤੌਰ ’ਤੇ ਫਿਰ ਸ਼ਾਮਿਲ ਰਹਿੰਦੀ ਹੈ।

ਕਵਿਤਾ
‘ਕਵਿਤਾ’ ਨੂੰ ਰੂਪਕ ਪੱਖੋਂ ਪ੍ਰੀਭਾਸ਼ਿਤ ਕਰਨਾ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਜੋ ਰਚਨਾ ਸਾਰੀ ਦੀ ਸਾਰੀ ਇੱਕ ਨਿਸ਼ਚਿਤ ਬਹਿਰ ਜਾਂ ਛੰਦ ਵਿੱਚ ਲਿਖੀ ਹੋਈ ਅਤੇ ਲੈਅ-ਬੱਧ ਹੋਵੇ ਉਸ ਨੂੰ ‘ਕਵਿਤਾ’ ਕਿਹਾ ਜਾਂਦਾ ਹੈ। ਕਵਿਤਾ ਜਿਸ ਛੰਦ ਅਥਵਾ ਬਹਿਰ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਆਮ ਤੌਰ ’ਤੇ ਸਾਰੀ ਦੀ ਸਾਰੀ ਉਸੇ ਬਹਿਰ ਜਾਂ ਛੰਦ ਵਿੱਚ ਪੂਰੀ ਕੀਤੀ ਜਾਂਦੀ ਹੈ। ਇਹ ਹਿੰਦੋਸਤਾਨੀ ‘ਪਿੰਗਲ’ ਦੇ ਕਿਸੇ ਛੰਦ ਵਿੱਚ ਵੀ ਹੋ ਸਕਦੀ ਹੈ ਤੇ ‘ਅਰਬੀ ਉਰੂਜ਼’ ਦੀ ਕਿਸੇ ਬਹਿਰ ਵਿੱਚ ਵੀ, ਮਤਲਬ ਤਾਂ ਇੱਕ ਨਪੀ-ਤੁਲੀ ਲੈਅ ਨਿਭਾਉਣ ਤੋਂ ਹੈ। ਭਾਵੇਂ ਕਿ ਕਵਿਤਾ ਵਿੱਚ ‘ਕਾਫ਼ੀਆ’ ਅਤੇ ‘ਰਦੀਫ਼’ (ਤੁਕਾਂਤ) ਨਿਭਾਉਣੇ ਜ਼ਰੂਰੀ ਨਹੀਂ, ਕਿਉਂਕਿ ਇਹ ਕਵਿਤਾ ਨੂੰ ਹੋਰ ਸੁੰਦਰ ਬਨਾਉਣ ਵਾਸਤੇ ਵਰਤੇ ਜਾਣ ਵਾਲੇ ਗਹਿਣੇ (ਆਕਾਰ) ਹੀ ਹਨ, ਕਵਿਤਾ ਦੇ ਜਿਸਮ ਦੇ ਜ਼ਰੂਰੀ ਅੰਗ ਨਹੀਂ, ਪਰ ਫਿਰ ਵੀ ਜੇ ਅਸੀਂ ਕਾਫ਼ੀਆ-ਰਦੀਫ਼ ਨਿਸ਼ਚਿਤ ਕਰਕੇ ਕਵਿਤਾ ਲਿਖਦੇ ਹਾਂ ਤਾਂ ਆਮ ਤੌਰ ’ਤੇ ਇਹ ਕਾਫ਼ੀਏ (ਤੁਕਾਂਤ) ਦੋ-ਦੋ ਤੁਕਾਂ (ਲਾਈਨਾਂ) ਦੇ ਵੀ ਮਿਲਦੇ ਰੱਖ ਸਕਦੇ ਹਾਂ, ਚਾਰ-ਚਾਰ ਤੁਕਾਂ ਦੇ ਵੀ ਤੇ ਇਸ ਤੋਂ ਵੱਧ ਤੁਕਾਂ ਦੇ ਵੀ ਕਾਫ਼ੀਏ ਮਿਲਾਏ ਜਾ ਸਕਦੇ ਹਨ, ਪਰ ਕਾਫ਼ੀਏ ਦੇ ਨਿਭਾਅ ਵਾਲੀਆਂ ਤੁਕਾਂ ਦੀ ਗਿਣਤੀ ਇੱਕ ਵਾਰ ਨਿਸ਼ਚਿਤ ਕਰ ਲਏ ਜਾਣ ਮਗਰੋਂ ਜੇ ਉਸ ਗਿਣਤੀ ਨੂੰ ਸਾਰੀ ਕਵਿਤਾ ਦੌਰਾਨ ਉਸੇ ਤਰਾਂ ਨਿਭਾ ਲਿਆ ਜਾਵੇ ਤਾਂ ਬਹੁਤ ਖ਼ਰੀ ਗੱਲ ਹੈ। ਕਈ ਕਵਿਤਾਵਾਂ ਵਿੱਚ ਕਦੀ ਦੋ-ਦੋ ਤੁਕਾਂ ਦੇ ਤੁਕਾਂਤ, ਕਦੀ ਚਾਰ-ਚਾਰ ਤੁਕਾਂ ਦੇ ਤੁਕਾਂਤ ਅਤੇ ਕਦੀ ਇਸ ਤੋਂ ਵੱਧ ਤੁਕਾਂ ਦੇ ਤੁਕਾਂਤ ਵੀ ਮਿਲਾਏ ਮਿਲਦੇ ਹਨ। ਇਹ ਭਾਵੇਂ ਕੋਈ ਬਹੁਤ ਵੱਡਾ ਦੋਸ਼ ਤਾਂ ਨਹੀਂ ਪਰ ਇਹ ਬੇਤਰਤੀਬੀ ਕਵਿਤਾ ਦੀ ਕੰਟੀਨਿਊਟੀ ਵਿੱਚ ਰੁਕਾਵਟ ਜ਼ਰੂਰ ਪਾਉਂਦੀ ਹੈ। ਇਸ ਤੋਂ ਬਚਣਾ ਹੀ ਭਲਾ ਹੈ।
ਵਿਸ਼ੇ ਪੱਖੋਂ ਇੱਕ ਕਵਿਤਾ ਵਿੱਚ ਇੱਕ ਹੀ ਵਿਸ਼ਾ ਨਿਭਾਇਆ ਜਾਂਦਾ ਹੈ। ਸਾਰੀ ਕਵਿਤਾ ਵਿੱਚ ਉਸੇ ਹੀ ਵਿਸ਼ੇ ਨੂੰ ਵਿਸਥਾਰ ਸਹਿਤ ਬਿਆਨ ਕੀਤਾ ਜਾਂਦਾ ਹੈ। ਉਸ ਵਿਸ਼ੇ ਦੀਆਂ ਪਰਤਾਂ ਅਲੱਗ-ਅਲੱਗ ਅਤੇ ਬਹੁ-ਗਿਣਤੀ ਵਿੱਚ ਖੁੱਲਦੀਆਂ ਹੋ ਸਕਦੀਆਂ ਹਨ, ਪਰ ਮੁੱਖ ਵਿਸ਼ਾ ਇੱਕ ਹੀ ਰਹਿਣਾ ਚਾਹੀਦਾ ਹੈ।
ਕਲਾਤਮਿਕ ਤੌਰ ’ਤੇ ਇੱਕ ਕਵਿਤਾ ਪਾਠਕ ਦੀ ਸੋਚ-ਪੱਧਰ ਤੋਂ ਸਹਿਜ-ਸੁਭਾਅ ਹੀ ਸ਼ੁਰੂ ਹੁੰਦੀ ਹੈ। ਫਿਰ ਉਹ ਚੱਲਦੀ ਚੱਲਦੀ ਅਤੇ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ ਹੋਈ ਆਪਣੀ ਮੰਜ਼ਿਲ ਦੀ ਬੁਲੰਦੀ ਵੱਲ ਚੜ੍ਹਦੀ ਜਾਂਦੀ ਹੈ। ਕਲਾਈਮੈਕਸ (ਸਿਖ਼ਰ) ’ਤੇ ਪਹੁੰਚ ਕੇ ਪਾਠਕ ਨੂੰ ਕੁਝ ਸੋਚਣ ਵਾਸਤੇ ਆਜ਼ਾਦ ਛੱਡ ਕੇ ਇੱਕ ਦਮ ਵੀ ਖ਼ਤਮ ਹੋ ਸਕਦੀ ਹੈ ਤੇ ਅੰਤ ਵਿੱਚ ਪੂਰੀ ਕਵਿਤਾ ਦਾ ਸਿੱਟਾ ਜਾਂ ਸਬਕ ਵੀ ਦਰਸਾਇਆ ਜਾ ਸਕਦਾ ਹੈ। ਇਹ ਮਰਜ਼ੀ ਸ਼ਾਇਰ ਦੀ ਆਪਣੀ ਹੁੰਦੀ ਹੈ ਕਿ ਉਸ ਨੇ ਕਵਿਤਾ ਨੂੰ ਕਿਸ ਤਰ੍ਹਾਂ ਸਮਾਪਤ ਕਰਨਾ ਹੈ।

ਉਦਾਹਣ ਵਜੋਂ ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ ਦੀ ਇੱਕ ਨਜ਼ਮ ਪੇਸ਼ ਹੈ-

ਬਰਖਾ ਬਹਾਰ
ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈ।
ਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ।

ਉੱਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ ਆਉਣ ਨੂੰ ਤਰਸਦੇ ਨੇ।
ਫੇਰ ਇੰਜ ਬਰਸੇ ਜਿੱਦਾਂ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ।

ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ।
ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ।

ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤਕ, ਅਰਸ਼ੋਂ ਉ¤ਤਰੀ ਡਾਰ ਮੁਰਗਾਬੀਆਂ ਦੀ।
ਵੱਟਾਂ ਟੁੱਟੀਆਂ ਇੰਜ ਹਰ ਖੇਤ ਦੀਆਂ, ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ।

ਮੋਰ ਨੱਚਦੇ, ਕੋਈਲਾਂ ਕੂਕ ਪਈਆਂ, ਦੀਪਕ ਜਗੇ ਪਤੰਗੇ ਆ ਫੁੜਕਦੇ ਨੇ।
ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾਂ ਨਵੇਂ ਰੱਜੇ ਬੰਦੇ ਭੁੜਕਦੇ ਨੇ।

ਨਿਰਮਲ ਨੀਰ ਗੰਧਲਾਅ ਗਿਆ ਭੁੰਏਂ ਪੈ ਕੇ , ਅਕਸਰ ਏਦਾਂ ਹੀ ਹੁੰਦੈ ਦੁਸ਼ਵਾਰੀਆਂ ਵਿਚ।
ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿਚ।

ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, ’ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ।
ਆਸੇ ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾਂ ਹੇਰਾ ਫੇਰੀ ਦੇ ਨਾਲ।

ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ, ਪਾਣੀ ਦੂਰ ਤਕ ਮਾਰਦਾ ਵਲਾ ਜਾਂਦੈ।
ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ।

ਰਾਤੀਂ ਜੁਗਨੂੰਆਂ ਦੇ ਝੁਰਮਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ।
ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ ’ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ।

ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ।
ਲਹਿਣੇਦਾਰ ਨੂੰ ਵੇਖ ਕਰਜ਼ਾਈ ਜਿੱਦਾਂ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ।

ਮਹਿਕਾਂ ਵੰਡ ਰਹੀਆਂ ਕਲੀਆਂ ਬਾਗ਼ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ।
ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ।

ਲੱਗੇ ਫਲ, ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਦੇ ਵੱਟੇ ਸਹਾਰਦੇ ਨੇ।
ਜਿੱਦਾਂ ਜਾਹਲਾਂ ਅੱਗੇ ਸ਼ਰੀਫ਼ਜ਼ਾਦੇ, ਨੀਂਵੇਂ ਹੋ ਕੇ ਵਕਤ ਗੁਜ਼ਾਰਦੇ ਨੇ।

ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉ¤ਤੇ।
ਰੁੱਤਾਂ ਪਰਤ ਕੇ ਆਉਂਦੀਆਂ ਯਾਰ ‘ਦੀਪਕ’, ਮੋਏ ਪਰਤਦੇ ਨਹੀਂ ਸੰਸਾਰ ਉੱਤੇ।

ਗੀਤ
ਗੀਤ ਰੂਪਕ ਪੱਖੋਂ ਕਵਿਤਾ ਨਾਲੋਂ ਜ਼ਰਾ ਵੱਖਰੀ ਨੁਹਾਰ ਰੱਖਦਾ ਹੈ। ਗੀਤ ਸ਼ੁਰੂ ਕਰਦਿਆਂ ਆਮ ਤੌਰ ’ਤੇ ਕਿਸੇ ਪ੍ਰਚ¤ਲਿਤ ਲੈਅ ਵਿੱਚ, ਜ਼ਿਆਦਾ ਕਰਕੇ ਦੋ ਤੁਕਾਂ ਵਿੱਚ ਇੱਕ ਸ਼ਿਅਰ ਲਿਖਿਆ ਜਾਂਦਾ ਹੈ। ਇਹ ਗੀਤ ਦਾ ਮੁੱਖੜਾ ਹੁੰਦਾ ਹੈ। ਇਸ ਵਿੱਚ ਗੀਤ ਦਾ ਮੁੱਖ ਵਿਚਾਰ ਵਿਅਕਤ ਕੀਤਾ ਜਾਂਦਾ ਹੈ, ਜਿਸ ਨੂੰ ਗੀਤਕਾਰ ਨੇ ਆਪਣੇ ਸਾਰੇ ਗੀਤ ਵਿੱਚ ਪੂਰਾ ਵਿਸਥਾਰ ਦੇਣਾ ਹੁੰਦਾ ਹੈ। ਮੁੱਖੜੇ ਦੇ ਮਗਰੋਂ ਕੁਝ ਹੋਰ ਬੰਦ ਲਿਖੇ ਜਾਂਦੇ ਹਨ। ਇਹ ਬੰਦ ਦੋ-ਦੋ, ਤਿੰਨ-ਤਿੰਨ, ਚਾਰ-ਚਾਰ ਜਾਂ ਇਸ ਤੋਂ ਵੱਧ-ਵੱਧ ਤੁਕਾਂ ਦੇ ਵੀ ਹੋ ਸਕਦੇ ਹਨ। ਇੱਕ ਬੰਦ ਦੀਆਂ ਦੋ-ਦੋ ਤੁਕਾਂ ਦੇ ਤੁਕਾਂਤ ਵੀ ਆਪਸ ਮਿਲਦੇ ਹੋ ਸਕਦੇ ਹਨ ਤੇ ਸਾਰੀਆਂ-ਸਾਰੀਆਂ ਤੁਕਾਂ ਦੇ ਵੀ। ਬੰਦ ਮਗਰੋਂ ਇੱਕ-ਦੋ ਤੁਕਾਂ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ ਕਿ ਉਹਨਾਂ ਦਾ ਭਾਵ ਅਤੇ ਤੁਕਾਂਤ ਫਿਰ ਮੁੱਖੜੇ ਦੇ ਤੁਕਾਂਤ ਨਾਲ ਮਿਲ ਜਾਵੇ। ਨਾਲ ਹੀ ਮੁੱਖੜੇ ਦੀ ਦੂਜੀ ਤੁਕ ਨੂੰ ਫਿਰ ਦੁਹਰਾ ਲਿਆ ਜਾਂਦਾ ਹੈ। ਇਸੇ ਤਰ੍ਹਾਂ ਤਿੰਨ, ਚਾਰ ਜਾਂ ਇਸ ਤੋਂ ਵੱਧ ਬੰਦ ਲਿਖਕੇ ਤੇ ਹਰ ਬੰਦ ਨੂੰ ਫਿਰ ਮੁੱਖੜੇ ਨਾਲ ਮਿਲਾ ਕੇ ਗੀਤ ਸੰਪੂਰਨ ਕਰ ਲਿਆ ਜਾਂਦਾ ਹੈ।

ਗੀਤ ਦੇ ਮੁੱਖੜੇ ਨੂੰ ‘ਸਥਾਈ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਰੇ ਗੀਤ ਦੇ ਹਰ ਮੁੱਖੜੇ ਮਗਰੋਂ ‘ਸਥਾਈ ਤੌਰ’ ’ਤੇ ਦੁਹਰਾਈ ਜਾਂਦੀ ਹੈ। ਗੀਤ ਦੇ ਬੰਦ ਨੂੰ ‘ਅੰਤਰਾ’ ਵੀ ਕਿਹਾ ਜਾਂਦਾ, ਕਿਉਂਕਿ ਅੰਤਰੇ ਆਪਸ ਵਿੱਚ ਥੋੜ੍ਹੇ ਥੋੜ੍ਹੇ ਅੰਤਰ ’ਤੇ ਹੁੰਦੇ ਹਨ। ਵਿਚਕਾਰ ਸਥਾਈ ਦੀਆਂ ਤੁਕਾਂ ਆ ਜਾਣ ਕਾਰਨ ਅੰਤਰੇ ਆਪਸ ਵਿੱਚ ਲਗਾਤਾਰ ਜੁੜੇ ਹੋਏ ਨਹੀਂ ਹੁੰਦੇ। ਸਥਾਈ ਅਤੇ ਅੰਤਰੇ ਦੀਆਂ ਤੁਕਾਂ ਦੀ ਲੰਬਾਈ (ਵਜ਼ਨ) ਬੇਸ਼ੱਕ ਆਪਸ ਵਿੱਚ ਮਿਲਦੇ ਹੋਣ ਜਾਂ ਨਾ, ਪਰ ਸੰਗੀਤ ਪ¤ਖੋਂ ਇਹਨਾਂ ਦਾ ਤਾਲ ਜ਼ਰੂਰ ਇੱਕ ਹੀ ਹੋਣਾ ਚਾਹੀਦਾ ਹੈ ਤਾਂ ਕਿ ਗਾਉਣ ਵਾਲੇ ਗਾਇਕ ਨੂੰ ਮੁਸ਼ਕਿਲ ਨਾ ਪੇਸ਼ ਆਵੇ।

ਨਮੂਨੇ ਵਜੋਂ ਆਪਣੇ ਪਰਮ-ਮਿੱਤਰ ਸ. ਬਲਬੀਰ ਸਿੰਘ ‘ਸੈਣੀ’ ਦਾ ਇੱਕ ਗੀਤ ਪੇਸ਼ ਕਰਾਂਗਾ-

ਗੀਤ


ਸਥਾਈ:
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।
ਆ ਜਾ, ਆ ਕੇ ਕਰ ਜਾ ਅੜਿਆ, ਵਸਲਾਂ ਦੀ ਕੋਈ ਬਾਤ।


ਅੰਤਰਾ:
ਸਭਨਾ ਲਈ ਮੈਂ ਬਣੀ ਪਰਾਈ, ਵੈਰਨ ਬਣੀ ਹਯਾਤੀ।
ਕਿਸੇ ਨਾ ਜਾਣਿਆ ਦਰਦ ਦਿਲੇ ਦਾ, ਕਿਸੇ ਨਾ ਪੀੜ ਪਛਾਤੀ।

ਪੈਰ ਪੈਰ ’ਤੇ ਮਿਲਣ ਠ੍ਹੋਕਰਾਂ, ਹੰਝੂਆਂ ਦੀ ਸੌਗ਼ਾਤ।
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।


ਅੰਤਰਾ: 
ਸੁਣਿਆ ਸੀ ਕਿ ਹੁਸਨ-ਇਸ਼ਕ ਨਾ, ਵੇਖਣ ਚਿ¤ਟਾ ਕਾਲਾ।
ਇਹ ਤਾਂ ਅਪਣੇ ਪਿਆਰੇ ਦੀ ਬੱਸ, ਰਹਿਣ ਫੇਰਦੇ ਮਾਲਾ।

ਐਪਰ ਇਹ ਵੀ ਕੂੜ-ਕਹਾਣੀ, ਸੁਣੀ-ਸੁਣਾਈ ਬਾਤ।
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।


ਅੰਤਰਾ:
ਮੇਰਾ ਹੀ ਜਦ ਰਿਹਾ ਨਾ ਮੇਰਾ, ਕਿਸ ਨੂੰ ਦਰਦ ਸੁਣਾਵਾਂ?
ਇੰਨਾਂ ਤਾਂ ਦੱਸ ਓ ਨਿਰਮੋਹੀਆ, ਕਿਹੜੇ ਖੂਹ ਪੈ ਜਾਵਾਂ?

ਕਦ ਖਿੜਨੀ ਏ ਕਲੀ ਆਸ ਦੀ, ਹੋਣੀ ਕਦ ਪ੍ਰਭਾਤ।
ਸੱਜਣ ਜੀ! ਮੇਰੀ ਉਮਰ ਤੋਂ ਲੰਮੀਂ, ਹਿਜਰ ਤੇਰੇ ਦੀ ਰਾਤ।

ਵਾਰ
‘ਵਾਰ’ ਕਾਵਿ-ਸਾਹਿਤ ਦੀ ਇੱਕ ਪ੍ਰਮੁੱਖ ਵੰਨਗੀ ਹੈ। ਵਾਰ ਦੇ ਕੁਝ ਆਪਣੇ ਹੀ ਨਿਸ਼ਚਿਤ ਛੰਦ ਹੁੰਦੇ ਹਨ ਜੋ ਜੋਸ਼ੀਲੀਆਂ ਤਰਜ਼ਾਂ ’ਤੇ ਗਾਏ ਜਾਂਦੇ ਹਨ। ਵਾਰ ਦਾ ਵਿਸ਼ਾ ਵੀ ਜੋਸ਼ੀਲਾ ਅਤੇ ਬੀਰ-ਰਸ ਵਾਲਾ ਹੁੰਦਾ ਹੈ। ਵਾਰ ਆਮ ਤੌਰ ’ਤੇ ਯੋਧਿਆਂ ਦੇ ਬੀਰਤਾ ਭਰੇ ਕਾਰਨਾਮਿਆਂ ਦਾ ਅਤੇ ਉਹਨਾਂ ਦੀ ਬਹਾਦਰੀ ਦਾ ਬਿਆਨ ਕਰਦੀ ਹੈ। ਕੁਝ ਲੋਕਾਂ ਨੇ ਪ੍ਰੰਪਰਾ ਤੋਂ ਬਾਗ਼ੀ ਹੋ ਕੇ ਸ਼ਾਨਤੀ ਦੀਆਂ ਵਾਰਾਂ ਵੀ ਲਿਖੀਆਂ ਪਰ ਉਹ ਮਕਬੂਲ ਨਹੀਂ ਹੋ ਸਕੀਆਂ। ਸ਼ਾਂਤ-ਰਸ ਵਾਸਤੇ ਹੋਰ ਵਿਧਾਵਾਂ ਅਤੇ ਹੋਰ ਛੰਦ ਬਹੁਤ ਹਨ। ਵਾਰ ਕੇਵਲ ਬੀਰ-ਰਸ ਦੀ ਹੀ ਪ੍ਰਤੀਨਿਧਤਾ ਕਰਦੀ ਚੰਗੀ ਲੱਗਦੀ ਹੈ।

ਗ਼ਜ਼ਲ
‘ਗ਼ਜ਼ਲ’ ਰੂਪਕ ਪੱਖ ਤੋਂ ਬਹੁਤ ਸਖ਼ਤ ਪਾਬੰਦੀਆਂ ਵਿੱਚ ਰਹਿ ਕੇ ਵਿਚਰਦੀ ਹੋਈ ਵਿਚਾਰਕ ਪ¤ਖੋਂ ਅਤਿਅੰਤ ਨਾਜ਼ੁਕ ਸਿਨਫ਼ (ਵਿਧਾ) ਹੈ। ਇਉਂ ਸਮਝ ਲਉ ਕਿ ਚੀਰ ਕੇ, ਕੱਟ ਕੇ ਪੀਹ ਸੁੱਟਣ ਵਾਲੇ ਸੁਭਾਅ ਅਤੇ ਸਮਰੱਥਾ ਰੱਖਣ ਵਾਲੇ ਬੱਤੀ ਦੰਦਾਂ ਵਿੱਚ ਵਿਚਰਨ ਵਾਲੀ ਅਤਿਅੰਤ ਨਾਜ਼ੁਕ ਮਾਸ ਦੇ ਲੋਥੜੇ ਵਰਗੀ ਜੀਭ ਵਾਂਗ ਹੀ ਹੈ ਗ਼ਜ਼ਲ। ਗ਼ਜ਼ਲ ਬਾਕੀ ਕਾਵਿ-ਵਿਧਾਵਾਂ ਵਿ¤ਚੋਂ ਸ਼ਕਲ-ਸੂਰਤ ਤੋਂ ਵੀ ਵੱਖਰੀ ਪਹਿਚਾਣੀ ਜਾ ਸਕਦੀ ਹੈ। ਦੋ-ਦੋ ਤੁਕਾਂ (ਮਿਸਰਿਆਂ) ਵਾਲੇ ਤਕਰੀਬਨ 5 ਤੋਂ 15 ਅਲੱਗ-ਅਲੱਗ ਸ਼ਿਅਰਾਂ ਵਾਲੀ ਇਹ ਰਚਨਾ, ਜੇ ਸਹੀ ਤੌਰ ’ਤੇ ਛਾਪੀ ਜਾਂ ਲਿਖੀ ਜਾਵੇ ਤਾਂ ਇਹ ਪਹਿਲੀ ਨਜ਼ਰੇ ਹੀ ਆਪਣੀ ਪਹਿਚਾਣ ਦੱਸ ਦਿੰਦੀ ਹੈ।
ਭਾਵੇਂ ਹਿੰਦੋਸਤਾਨੀ ‘ਪਿੰਗਲ’ ਦੇ ਵੀ ਕੁਝ ਕੁ ਛੰਦਾਂ ਵਿੱਚ ਗ਼ਜ਼ਲ ਲਿਖੀ ਗਈ ਹੈ ਪਰ ਆਮ ਤੌਰ ’ਤੇ ਇਹ ਅਰਬੀ-ਫ਼ਾਰਸੀ ‘ਅਰੂਜ਼’ ਦੇ ਛੰਦਾਂ ਵਿੱਚ ਹੀ ਲਿਖੀ ਜਾਂਦੀ ਹੈ, ਜਿਹਨਾਂ ਨੂੰ ‘ਬਹਿਰਾਂ’ ਕਿਹਾ ਜਾਂਦਾ ਹੈ। ਗ਼ਜ਼ਲ ਬਹੁਤ ਸਾਰੀਆਂ ਬਹਿਰਾਂ ਵਿੱਚ ਲਿਖੀ ਜਾਂਦੀ ਹੈ ਪਰ ਅਰੂਜ਼-ਵਿਗਿਆਨੀਆਂ ਦੀ ਵਿਦਵਤਾ ਦਾ ਕਮਾਲ ਇਸ ਗੱਲ ਵਿੱਚ ਹੈ ਕਿ ਉਹਨਾਂ ਹਰ ਸੰਭਵ ਬਹਿਰ ਪਹਿਲਾਂ ਹੀ ਨਿਸ਼ਚਿਤ ਕਰ ਰੱਖੀ ਹੈ ਤੇ ਹੁਣ ਕੋਈ ਨਵੀਂ ਬਹਿਰ ਦੀ ਕਾਢ ਕੱਢਣੀ ਤਕਰੀਬਨ ਅਸੰਭਵ ਵਰਗਾ ਹੀ ਮੁਸ਼ਕਿਲ ਕਾਰਜ ਹੈ।
ਗ਼ਜ਼ਲ ਰੂਪਕ ਪੱਖ ਤੋਂ ਕਿਸੇ ਇੱਕ ਨਿਸ਼ਚਿਤ ਬਹਿਰ ਵਿੱਚ ਲਿਖੇ ਗਏ ਦੋ ਮਿਸਰਿਆਂ (ਤੁਕਾਂ) ਨਾਲ ਸ਼ੁਰੂ ਹੁੰਦੀ ਹੈ। ਇਹਨਾਂ ਦੋਹਾਂ ਮਿਸਰਿਆਂ ਦੇ ਕਾਫ਼ੀਏ (ਤੁਕਾਂਤ) ਆਪਸ ਵਿੱਚ ਮਿਲਦੇ ਹੁੰਦੇ ਹਨ। (ਇ¤ਥੇ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਗ਼ਜ਼ਲ ਦੇ ਸੰਧਰਭ ਵਿੱਚ ਕਾਫ਼ੀਆ ਗ਼ਜ਼ਲ ਦਾ ਕੇਵਲ ਜ਼ੇਵਰ (ਆਕਾਰ) ਹੀ ਨਹੀਂ ਸਗੋਂ ਉਸ ਦੇ ਸਰੀਰ ਦਾ ਇੱਕ ਅਹਿਮ ਅੰਗ ਹੈ, ਜਿਸ ਦੇ ਬਿਨਾਂ ਗ਼ਜ਼ਲ ਦੇ ਵਜੂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।) ਦੋ ਮਿਸਰਿਆਂ (ਤੁਕਾਂ) ਨਾਲ ਬਣੇ ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ‘ਮਤਲਾ’ ਕਿਹਾ ਜਾਂਦਾ ਹੈ। ‘ਮਤਲਾ’ ਇੱਕ ਤਰ੍ਹਾਂ ਨਾਲ ਪਾਠਕ ਜਾਂ ਸਰੋਤੇ ਨੂੰ ਇਸ ਗੱਲ ਦੀ ‘ਇਤਲਾਹ’ (ਸੂਚਨਾ) ਦਿੰਦਾ ਹੈ ਕਿ ਵਿਚਾਰ-ਅਧੀਨ ਗ਼ਜ਼ਲ ਵਿੱਚ ਕਿਹੜੀ ਬਹਿਰ ਵਰਤੀ ਜਾਵੇਗੀ, ਕਿਹੜੇ ਕਾਫ਼ੀਏ ਹੋਣਗੇ, ਕਿਹੜੀ ਰਦੀਫ਼ ਹੋਵੇਗੀ ਅਤੇ ਕਿਸੇ ਹੱਦ ਤੱਕ ਇਹ ਗ਼ਜ਼ਲ ਕਿਹੜੇ ਮੂਡ ਦੀ ਹੋਵੇਗੀ। ਇਸ ਤੋਂ ਅਗਲੇ ਸ਼ਿਅਰ ਉਪਰੋਕਤ ਇਤਲਾਹ ਅਨੁਸਾਰ ਹੀ ਕਹੇ ਜਾਂਦੇ ਹਨ। ਇੱਕ ਗ਼ਜ਼ਲ ਵਿੱਚ ਕੇਵਲ ਇੱਕ ਮਤਲਾ ਵੀ ਹੋ ਸਕਦਾ ਹੈ ਤੇ ਇਹ ਜ਼ਿਆਦਾ ਗਿਣਤੀ ਵਿੱਚ ਵੀ ਹੋ ਸਕਦੇ ਹਨ। ਪਰ ਚਾਹੇ ਜਿੰਨੇਂ ਵੀ ਮਤਲੇ ਹੋਣ ਇਹ ਸਾਰੇ ਆਮ ਸ਼ਿਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਜਾਣੇ ਚਾਹੀਦੇ ਹਨ। ਇੱਕ ਵਾਰ ਆਮ ਸ਼ਿਅਰ ਸ਼ੁਰੂ ਹੋ ਜਾਣ ਮਗਰੋਂ ਕੋਈ ਮਤਲਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਸੂਰਤ ਵਿੱਚ ਆਮ ਸ਼ਿਅਰ ਤੋਂ ਮਗਰੋਂ ਵੀ ਮਤਲਾ ਲਿਖਿਆ ਜਾਵੇ ਤਾਂ ਉਸ ਨੂੰ ਚੁੱਕ ਕੇ ਉ¤ਪਰ ਬਾਕੀ ਮਤਲਿਆਂ ਦੇ ਨਾਲ ਹੀ ਲਿਖ ਦੇਣਾ ਚਾਹੀਦਾ ਹੈ। ਮਤਲਿਆਂ ਵਿੱਚ ਵੀ ਹਰ ਮਤਲੇ ਦਾ ਵਿਸ਼ਾ ਅਲੱਗ ਹੋ ਸਕਦਾ ਹੈ ਅਤੇ ਬਾਕੀਆਂ ਨਾਲੋਂ ਆਜ਼ਾਦ ਤਾਂ ਹੋਣਾ ਹੀ ਚਾਹੀਦਾ ਹੈ। ਯਾਦ ਰਹੇ ਕਿ ਗ਼ਜ਼ਲ ਦਾ ਹਰ ਸ਼ਿਅਰ ਆਪਣੀ ਕਹਾਣੀ ਆਪ ਕਹਿੰਦਾ ਹੈ ਤੇ ਆਪਣੇ ਨਾਲ ਹੀ ਉਸ ਕਹਾਣੀ ਨੂੰ ਵੀ ਸੰਪੂਰਨ ਕਰ ਦਿੰਦਾ ਹੈ। ਕਿਸੇ ਸ਼ਿਅਰ ਦੀ ਕਹਾਣੀ ਨੂੰ ਸੰਪੂਰਨ ਕਰਨ ਲਈ ਲਈ ਦੂਜੇ ਸ਼ਿਅਰ ਦੀ ਸਹਾਇਤਾ ਨਹੀਂ ਲੈਣੀ ਚਾਹੀਦੀ।

ਮਤਲੇ ਜਾਂ ਮਤਲਿਆਂ ਤੋਂ ਮਗਰੋਂ ਆਮ ਸ਼ਿਅਰ ਸ਼ੁਰੂ ਹੋ ਜਾਂਦੇ ਹਨ। ਇਹਨਾਂ ਸ਼ਿਅਰਾਂ ਵਿੱਚ ਵੀ ਵਿਚਾਰਧਾਰਕ ਪੱਖ ਤੋਂ ਹਰ ਸ਼ਿਅਰ ਵਿੱਚ ਵੱਖਰਾ ਵਿਸ਼ਾ ਹੋ ਸਕਦਾ ਹੈ ਤੇ ਹਰ ਸ਼ਿਅਰ ਆਪਣੇ ਆਪ ਵਿੱਚ ਆਜ਼ਾਦ ਹੋਣਾ ਚਾਹੀਦਾ ਹੈ, ਪਰ ਮੂਡ ਜੇ ਇੱਕ ਹੀ ਨਿਭ ਜਾਵੇ ਤਾਂ ਗ਼ਜ਼ਲ ਪਾਠਕਾਂ-ਸਰੋਤਿਆਂ ’ਤੇ ਆਪਣਾ ਪੂਰਾ ਪੂਰਾ ਪ੍ਰਭਾਵ ਪਾਉਣ ਵਿੱਚ ਜ਼ਿਆਦਾ ਕਾਮਯਾਬ ਰਹਿੰਦੀ ਹੈ। ਰੂਪਕ ਪ¤ਖੋਂ ਹਰ ਆਮ ਸ਼ਿਅਰ ਦੇ ਪਹਿਲੇ ਮਿਸਰੇ ਦੇ ਅੰਤ ਵਿੱਚ ਕੋਈ ਕਾਫ਼ੀਆ ਨਹੀਂ ਮਿਲਦਾ ਸਗੋਂ ਹਰ ਦੂਸਰੇ ਮਿਸਰੇ ਦਾ ਹੀ ਕਾਫ਼ੀਆ ਫਿਰ ਮਤਲੇ ਦੇ ਕਾਫ਼ੀਏ ਨਾਲ ਮਿਲਦਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਆਮ ਸ਼ਿਅਰਾਂ ਦੀ ਗਿਣਤੀ ਨਿਸ਼ਚਿਤ ਤਾਂ ਨਹੀਂ ਰੱਖੀ ਜਾਂਦੀ, ਫਿਰ ਵੀ ਇਹ ਪੰਜ ਤੋਂ ਤੇਰਾਂ ਕੁ ਤੱਕ ਹੀ ਰਹਿਣ ਤਾਂ ਗ਼ਜ਼ਲ ਦਾ ਪੂਰਾ ਪ੍ਰਭਾਵ ਬਣਦਾ ਹੈ।

ਗ਼ਜ਼ਲ ਦੇ ਆਖ਼ਿਰੀ ਸ਼ਿਅਰ, ਜਿਸ ਵਿੱਚ ਸ਼ਾਇਰ ਦਾ ਉਪਨਾਮ ਆਉਂਦਾ ਹੈ, ਉਸ ਨੂੰ ‘ਮਕਤਾ’ ਕਿਹਾ ਜਾਂਦਾ ਹੈ। ‘ਮਕਤੇ’ ਨਾਲ ਹੀ ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖ਼ਿਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਸ਼ਿਅਰ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘ਮਕਤਾ’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ। ਗ਼ਜ਼ਲ ਦੀ ਕਾਮਯਾਬੀ ਵਿੱਚ ਇਸ ਨੁਕਤੇ ਦਾ ਵੀ ਇੱਕ ਵਿਸ਼ੇਸ਼ ਰੋਲ ਰਹਿੰਦਾ ਹੈ।

ਗ਼ਜ਼ਲ ਦੇ ਸ਼ਿਅਰਾਂ ਦਾ ਵਜ਼ਨ ‘ਅਰੂਜ਼ੀ-ਰੁਕਨਾਂ’ ਦੀ ਤਰਤੀਬ ਨੂੰ ਸਹੀ ਤਰ੍ਹਾਂ ਸਮਝ ਲੈਣ ਨਾਲ ਹੀ ਨਿਭਦਾ ਹੈ। ਰੁਕਨਾਂ ਦੀ ਜਾਣਕਾਰੀ ਦੇ ਬਿਨਾਂ ਕਹੇ ਗ਼ਜ਼ਲ ਦੇ ਕੁਝ ਸ਼ਿਅਰ ਰੱਬ-ਸਬੱਬੀਂ ਠੀਕ ਲਿਖੇ ਜਾਣ, ਤਾਂ ਇਹ ਗੱਲ ਵੱਖਰੀ ਹੈ ਪਰ ਸਦਾ ਹੀ ਪ੍ਰਮਾਣਿਕ ਤੌਰ ’ਤੇ ਸਹੀ ਸ਼ਿਅਰ ਕਹਿਣ ਲਈ ਰੁਕਨਾਂ ਦੀ ਜਾਣਕਾਰੀ ਅਤਿਅੰਤ ਜ਼ਰੂਰੀ ਹੈ। ਗ਼ਜ਼ਲ ਲਿਖਣ ਸੰਬੰਧੀ ਭਾਵੇਂ ਕੁਝ ਪੁਸਤਕਾਂ ਹੁਣ ਪੰਜਾਬੀ ਭਾਸ਼ਾ ਵਿੱਚ ਉਪਲੱਭਦ ਹਨ ਪਰ ਅਸਲ ਵਿੱਚ ਇਸ ਦੇ ਸਹੀ ਅਭਿਆਸ ਵਾਸਤੇ ਕਿਸੇ ਕਾਮਿਲ ਉਸਤਾਦ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ। ਕਿਸੇ ਉਸਤਾਦ ਬਿਨਾਂ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕਰਨਾ ਹਨੇਰੇ ਵਿੱਚ ਤੀਰ ਮਾਰਨ ਵਰਗੀ ਕਿਰਿਆ ਸਾਬਤ ਹੁੰਦੀ ਹੈ। ਜੋ ਨੁਕਤਾ ਉਸਤਾਦ ਨੇ ਇੱਕ ਇਸ਼ਾਰੇ ਵਿੱਚ ਸਮਝਾ ਦੇਣਾ ਹੁੰਦਾ ਹੈ ਉਹੀ ਨੁਕਤਾ ਕਈ ਵਾਰੀ ਸਾਰੀ ਉਮਰ ਦੀ ਦਿਮਾਗ-ਪਚੀ ਕਰਨ ਨਾਲ ਵੀ ਪ੍ਰਾਪਤ ਨਹੀਂ ਹੁੰਦਾ। ਉਂਜ ਵੀ ਕਲਾ ਵਿੱਚਲੀਆਂ ਸਾਰੀਆਂ ਬਾਰੀਕੀਆਂ ਲਿਖਤੀ ਗਾਈਡਾਂ ਦੀ ਪਹੁੰਚ ਵਿੱਚ ਨਹੀਂ ਆ ਸਕਦੀਆਂ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਗ਼ਜ਼ਲ ਬਹੁਤ ਨਾਜ਼ੁਕ ਸਿਨਫ਼ ਹੋਣ ਦੇ ਬਾਵਜੂਦ ਬਹੁਤ ਸਖ਼ਤ ਪਾਬੰਦੀਆਂ ਦੇ ਵਿੱਚ ਰਹਿਣ ਦੀ ਆਦੀ ਹੈ। ਇਸ ਨੇ ਰੂਪਕ ਪ¤ਖੋਂ ਹੀ ਨਹੀਂ ਸਗੋਂ ਵਿਸ਼ਿਅਕ ਪ¤ਖੋਂ ਵੀ ਬੜੀਆਂ ਪਾਬੰਦੀਆਂ ਹੰਢਾਈਆਂ ਹਨ। ਇਸ ਲਈ ਜਦੋਂ ਇਹ ਪਾਬੰਦੀਆਂ ਦੇ ਕਾਲੇ ਬੁਰਕੇ ਵਿ¤ਚੋਂ ਦੀ ਜ਼ਰਾ ਜਿਹਾ ਆਪਣਾ ਮੁੱਖ ਵਿਖਾਉਂਦੀ ਹੈ ਤਾਂ ਕਾਲੀ ਘਟਾ ਵਿ¤ਚੋਂ ਨਿਕਲੇ ਪੂਰਨਮਾਸ਼ੀ ਦੇ ਪੂਰੇ ਚੰਨ ਵਾਂਗੂੰ ਮਨ ਨੂੰ ਮੋਹ ਲੈਂਦੀ ਹੈ। ਖੁੱਲ੍ਹੇ ਅਸਮਾਨ ਵਿੱਚ ਸ਼ਾਇਦ ਹੀ ਚੰਨ ਏਨਾਂ ਖ਼ੂਬਸੂਰਤ ਲੱਗਦਾ ਹੋਵੇ ਜਿੰਨਾਂ ਕਿ ਕਾਲੇ ਬੱਦਲਾਂ ਵਿ¤ਚੋਂ ਨਿਕਲਣ ਤੇ ਲੱਗਦਾ ਹੈ।

ਵਿਸ਼ੇ ਦੇ ਪੱਖੋਂ ਪਹਿਲਾਂ ਪਹਿਲਾਂ ਗ਼ਜ਼ਲ ਕੇਵਲ ਮਹਿਬੂਬ ਨਾਲ ਗੱਲਾਂ ਕਰਨ ਤੱਕ ਹੀ ਸੀਮਿਤ ਸੀ, ਇਸ ਵਿੱਚ ਵੀ ਇਸ ਨੂੰ ਕਮਾਲ ਹਾਸਿਲ ਸੀ। ਫਿਰ ਇਹ ਮਹਿਬੂਬ ਬਾਰੇ ਗੱਲਾਂ ਕਰਨ ਲੱਗੀ। ਮਹਿਬੂਬ ਦੀਆਂ ਸਿਫ਼ਤਾਂ ਕਰਨੀਆਂ ਤਾਂ ਕੋਈ ਗ਼ਜ਼ਲ ਤੋਂ ਹੀ ਸਿ¤ਖੇ। ਫਿਰ ਮਹਿਬੂਬ ਦੇ ਨਾਲ ਨਾਲ ਇਹ ਕਾਦਰ ਦੀ ਕੁਦਰਤ ਦੀ ਖ਼ੂਬਸੂਰਤੀ ਦੀਆਂ ਗੱਲਾਂ ਅਤੇ ਵਡਿਆਈਆਂ ਵੀ ਕਰਨ ਲੱਗੀ। ਇਸ ਰੰਗ ਨੂੰ ‘ਮਾਰਫ਼ਤੀ ਰੰਗ’ ਕਿਹਾ ਜਾਂਦਾ ਹੈ ਤੇ ਇਸ ਰੰਗ ਵਿੱਚ ਇਸ ਨੇ ਕਿਆ ਖ਼ਿਆਲ-ਉਡਾਰੀਆਂ ਲਾਈਆਂ। ਫਿਰ ਮਹਿਬੂਬ ਜਾਂ ਕਾਦਰ ਦੇ ਮਿਲਾਪ ਦੇ ਨਾਲ ਨਾਲ ਉਸਦੇ ਵਿਛੋੜੇ ਦੀ ਕਸਕ ਨੂੰ ਵੀ ਪਰਗਟ ਕਰਨ ਲੱਗੀ। ਇੱਥੇ ਆ ਕੇ ਗ਼ਜ਼ਲ ਆਪਣੀ ਪੂਰੀ ਜਵਾਨੀ ’ਤੇ ਸੀ ਤੇ ਇਸ ਦੌਰ ਵਿੱਚ ਆ ਕੇ ਬਹੁਤ ਹੀ ਬਾ-ਕਮਾਲ ਗ਼ਜ਼ਲਾਂ ਕਹੀਆਂ ਗਈਆਂ, ਜਿਨ੍ਹਾਂ ਦੇ ਸ਼ਿਅਰਾਂ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਹਨ।

ਗ਼ਜ਼ਲ ਇਸ ਮਰਹਲੇ ਨੂੰ ਵੀ ਆਪਣੀ ਮੰਜ਼ਿਲ ਸਮਝ ਕੇ ਇੱਥੇ ਹੀ ਨਹੀਂ ਰੁਕ ਗਈ, ਸਗੋਂ ਇਸ ਨੇ ਆਪਣੇ ਮਹਿਬੂਬ ਦੀ ਮੁਹੱਬਤ, ਮਿਲਾਪ, ਵਿਛੋੜੇ, ਬੇਰੁਖ਼ੀ, ਦੇ ਨਾਲ ਨਾਲ ਸਮਾਜਿਕ ਤੰਗੀਆਂ-ਤੁਰਸ਼ੀਆਂ , ਵਿਸੰਗਤੀਆਂ, ਸਮਾਜਿਕ ਤਰੁੱਟੀਆਂ ਅਤੇ ਨਾ-ਇਨਸਾਫ਼ੀਆਂ ਦਾ ਵੀ ਬਿਆਨ ਕਰਕੇ ਆਪਣੇ ਹਿਰਦੇ ਦੀ ਸੁਹਿਰਦਤਾ ਅਤੇ ਵਿਸ਼ਾਲਤਾ ਦਾ ਪ੍ਰੀਚੈ ਦਿੱਤਾ। ਇਸ ਰੂਪ ਵਿੱਚ ਗ਼ਜ਼ਲ ਅੱਜ ਕਾਵਿ-ਸੰਸਾਰ ਦੇ ਤਖ਼ਤ ’ਤੇ ਸਭ ਤੋਂ ਸੁੰਦਰ ਤੇ ਸਮਰੱਥ ਵਿਧਾ ਦੇ ਤੌਰ ’ਤੇ ‘ਤਖ਼ਤ-ਨਸ਼ੀਨ’ ਹੈ। ਪਰ ਸੁਬਕ-ਖ਼ਿਆਲੀ ਕਿਉਂਕਿ ਗ਼ਜ਼ਲ ਦੀ ਜਾਨ ਹੈ ਇਸ ਲਈ ਇਹ ਸਿੱਧੀ ਸਿਆਸੀ ਨਾਅਰੇਬਾਜ਼ੀ ਤੋਂ ਅੱਜ ਵੀ ਗੁਰੇਜ਼ ਕਰਦੀ ਹੈ। ਬਹਾਦਰੀ ਦੇ ਸਿੱਧਾ ਦਾਅਵਾ ਇਸ ਨੂੰ ਆਪਣੇ ਮੂੰਹੋਂ ਮੀਆਂ-ਮਿੱਠੂ ਬਣਨ ਵਰਗਾ ਕਰਮ ਲੱਗਦਾ ਹੈ। ਇਹ ਤਾਂ ਵੱਡੀ ਤੋ ਵੱਡੀ ਗੱਲ, ਵੱਡੇ ਤੋਂ ਵੱਡੇ ਰੋਸ, ਵੱਡੇ ਤੋਂ ਵੱਡੇ ਸਤਿਆਗ੍ਰਿਹ ਨੂੰ ਵੀ ਇੱਕ ਇਸ਼ਾਰੇ ਮਾਤਰ ਨਾਲ ਐਸੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰ ਜਾਂਦੀ ਹੈ ਕਿ ਡਾਂਗਾਂ-ਸੋਟੇ ਅਤੇ ਬੰਬ-ਤੋਪਾਂ ਵੀ ਐਸੇ ਗਹਿਰੇ ਅਤੇ ਸਦੀਵੀ ਜ਼ਖ਼ਮ ਲਾਉਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦੇ। ਐਸੀ ਮਾਰ ਕਰ ਜਾਣ ਦੇ ਸਮਰੱਥ ਹੋਣ ਦੇ ਬਾਵਜੂਦ ਵੀ ਇਹ ਅਜੇ ਵੀ ਆਪਣੀ ਨਾਜ਼ੁਕ-ਖ਼ਿਆਲੀ ਨੂੰ ਸੀਨੇ ਨਾਲ ਲਾਈ ਬੈਠੀ ਹੈ ਤੇ ਇਹੋ ਹੀ ਇਸ ਦੇ ਜੀਵਨ ਦਾ ਸਰਮਾਇਆ ਹੈ। ਇਹੋ ਹੀ ਇਸ ਦੇ ਹਰਮਨ-ਪਿਆਰੀ ਹੋਣ ਦਾ ਰਾਜ਼ ਹੈ। ਘੱਟ ਬੋਲਣਾ (ਸੰਖੇਪਤਾ) ਅਤੇ ਸੁੰਦਰ ਬੋਲਣਾ ਇਸ ਦਾ ਮੀਰੀ ਗੁਣ ਹੈ। ਇਹ ਸਖ਼ਤ ਖ਼ਿਆਲ ਤਾਂ ਸ਼ਾਇਦ ਬਰਦਾਸ਼ਤ ਕਰ ਲਵੇ ਪਰ ਸਖ਼ਤ ਲਫ਼ਜ਼ ਇਸ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਹਨ। ‘ਤਨਜ਼’ ਗ਼ਜ਼ਲ ਦਾ ਮਨ-ਭਾਉਂਦਾ ਤੇ ਸਭ ਤੋਂ ਕਾਰਗਰ ਹਥਿਆਰ ਹੈ ਪਰ ਹਾਸ-ਰਸ ਦੇ ਨਾਮ ਤੇ ਮੋਟਾ-ਠੁੱਲ੍ਹਾ ਹਾਸਾ-ਠੱਠਾ ਇਸ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ। ਸਖ਼ਤ ਤੋਂ ਸਖ਼ਤ ਗੱਲ ਨੂੰ ਵੀ ਨਰਮ ਲਫ਼ਜ਼ਾਂ ਅਤੇ ਕੋਮਲ ਸ਼ਬਦਾਂ ਵਿੱਚ ਕਹਿ ਜਾਣਾ ਇਸ ਵਿੱਚ ਉਸਤਾਦੀ ਗੁਣ ਸਮਝਿਆ ਜਾਂਦਾ ਹੈ। ਗ਼ਜ਼ਲ ਬਾਰੇ ਤਾਂ ਇਹੋ ਹੀ ਕਿਹਾ ਜਾ ਸਕਦਾ ਹੈ ਕਿ-
‘ਅੱਖ ਦੇ ਇਸ਼ਾਰੇ ਨਾਲ ਗੱਲ ਕਰ ਗਈ,
ਕੁੜੀ ਪਟੋਲੇ ਵਰਗੀ।’

ਉਪਰੋਕਤ ਲੰਮੀ ਚਰਚਾ ਮੈਂ ਕੇਵਲ ਇਸ ਲਈ ਕੀਤੀ ਹੈ ਤਾਂ ਕਿ ਨਵੇਂ ਕਾਵਿ-ਸਿਖਿਆਰਥੀ ਚੰਗੀ ਤਰ੍ਹਾਂ ਸਮਝ ਜਾਣ ਕਿ ਕਵਿਤਾ, ਗੀਤ, ਵਾਰ ਅਤੇ ਗ਼ਜ਼ਲ ਆਦਿ ਸਿਨਫ਼ਾਂ ਕੀ ਹੁੰਦੀਆਂ ਹਨ? ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਸਮਾਨਤਾਵਾਂ ਹੁੰਦੀਆਂ ਹਨ ਤੇ ਕਿਹੜੇ ਕਿਹੜੇ ਵਖਰੇਵੇਂ ਹੁੰਦੇ ਹਨ, ਜਿਨ੍ਹਾਂ ਕਰਕੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਪਹਿਚਾਣਿਆਂ ਜਾ ਸਕਦਾ ਹੈ। ਇਹ ਪਹਿਚਾਣ ਹੋ ਜਾਣ ਤੋਂ ਮਗਰੋਂ ਕੋਈ ਸ਼ਾਇਰ ਗੀਤ, ਕਵਿਤਾ, ਖੁੱਲੀ ਕਵਿਤਾ ਅਤੇ ਵਾਰ ਉੱਤੇ ‘ਗ਼ਜ਼ਲ’ ਉਨਵਾਨ ਨਹੀਂ ਲਿਖੇਗਾ। ਘਟੋ ਘੱਟ ਮੈਂ ਤਾਂ ਇਸ ਹੀ ਆਸ ਨਾਲ ਇਹ ਲੇਖ ਖ਼ਤਮ ਕਰਦਾ ਹਾਂ।

-ਅਮਰਜੀਤ ਸਿੰਘ ਸੰਧੂ
=====================================================

ਸੰਪਾਦਕੀ ਨੋਟ-
ਉਪਰੋਕਤ ਲੇਖ ਵਿਚ ਅਮਰਜੀਤ ਸਿੰਘ ਸੰਧੂ ਹੁਰਾਂ ਨੇ ਕਵਿਤਾ ਦੇ ਵੱਖ-ਵੱਖ ਰੂਪਾਂ ਦੀ ਪਰਿਭਾਸ਼ਾ ਬਖੂਬੀ ਦਿੱਤੀ ਹੈ, ਜੋ ਨਵੇਂ ਕਵੀਆਂ ਅਤੇ ਪਾਠਕਾਂ ਨੂੰ ਕਵਿਤਾ ਦੇ ਇਨ੍ਹਾਂ ਰੂਪਾਂ ਨੂੰ ਸਮਝਣ ਵਿਚ ਬੇਹੱਦ ਸਹਾਈ ਹੋਣਗੀਆਂ। ਪੰਜਾਬੀ ਕਵਿਤਾ ਵਿਚ ਪ੍ਰਚਲਿੱਤ ਪ੍ਰਮੁੱਖ ਕਾਵਿ ਰੂਪਾਂ ਬਾਰੇ ਇਹ ਜਾਣਕਾਰੀ ਬਹੁਤ ਪ੍ਰੇਰਨਾਦਾਇਕ ਹੈ। ਸੰਧੂ ਹੁਰਾਂ ਮੁਤਾਬਿਕ (ਪੰਜਾਬੀ) ਕਾਵਿ ਤੇ ਉਪਰੋਕਤ ਰੂਪ ਹੀ ਕਾਵਿਕਤਾ ਦੀ ਹੱਦ ਵਿਚ ਆਉਂਦੇ ਹਨ, ਪਰੰਤੂ ਅੱਜ ਕੱਲ੍ਹ ਪ੍ਰਚਲਿੱਤ ਰੂਪਾਂ ਵਿਚੋਂ ਇਕ ਪ੍ਰਮੁੱਖ ਰੂਪ 'ਖੁੱਲੀ ਕਵਿਤਾ' ਦਾ ਵੀ ਹੈ। ਬਹੁਤ ਸਾਰੇ ਵਡੇਰੇ ਵਿਦਵਾਨਾਂ ਵਾਂਗ ਸੰਧੂ ਸਾਹਬ ਵੀ ਕਾਵਿਤਾ ਦੇ ਇਸ ਰੂਪ ਨੂੰ ਮਾਨਤਾ ਨਹੀਂ ਦਿੰਦੇ। ਇਹ ਵਿਸ਼ਾ ਸ਼ੁਰੂ ਤੋਂ ਬਹਿਸ ਦਾ ਮੁੱਦਾ ਰਿਹਾ ਹੈ। ਸੋ, ਅਸੀ ਸੰਧੂ ਹੁਰਾਂ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੇ ਲੇਖ ਤੋਂ ਵੱਖਰਾ ਇਕ ਨੋਟ 'ਖੁੱਲੀ ਕਵਿਤਾ' ਬਾਰੇ ਦੇ ਰਹੇ ਹਾਂ, ਤਾਂ ਜੋ ਪਾਠਕ ਖੁੱਲੀ ਕਵਿਤਾ ਬਾਰੇ ਵੀ ਲੋੜੀਂਦੀ ਜਾਣਕਾਰੀ ਹਾਸਿਲ ਕਰਨ ਸਕਣ। ਇਸ ਨੋਟ ਦਾ ਸੰਧੂ ਸਾਹਬ ਅਤੇ ਉਨ੍ਹਾਂ ਦੇ ਲੇਖ ਨਾਲ ਕੋਈ ਸੰਬੰਧ ਨਹੀਂ। ਇਹ ਸਾਡੇ ਨਿੱਜੀ ਵਿਚਾਰ ਹਨ। ਨਾ ਹੀ ਅਸੀ ਇਸ ਲੇਖ-ਲੜੀ ਵਿਚ ਇਸ ਵਿਸ਼ੇ ਤੇ ਕੋਈ ਬਹਿਸ ਸ਼ੁਰੂ ਕਰਨਾ ਚਾਹੁੰਦੇ ਹਾਂ, ਇਹ ਲੇਖ ਲੜੀ ਗ਼ਜ਼ਲ ਵਿਧਾ 'ਤੇ ਆਧਾਰਿਤ ਹੈ ਅਤੇ ਇਸਦੀਆਂ ਅਗਲੀਆਂ ਕਿਸਤਾਂ ਵਿਚ ਸਿਰਫ 'ਤੇ ਸਿਰਫ ਗ਼ਜ਼ਲ ਨਾਲ ਸੰਬੰਧਿਤ ਜਾਣਕਾਰੀ ਹੀ ਪ੍ਰਕਾਸ਼ਿਤ ਹੋਵੇਗੀ।

ਖੁੱਲੀ ਕਵਿਤਾ
ਉੱਪਰ ਜਿਵੇਂ ਕਿ ਸੰਧੂ ਹੁਰਾਂ ਨੇ ਦੱਸਿਆ ਹੈ ਕਿ ਕਵਿਤਾ ਜਾਂ ਨਜ਼ਮ ਨਿਰਧਾਰਿਤ ਛੰਦਾ ਜਾਂ  ਬਹਿਰ/ਵਜ਼ਨ ਵਿਚ ਲਿਖੀ ਜਾਂਦੀ ਹੈ। ਪੰਜਾਬ ਦੇ ਕਈ ਵੱਡੇ ਸ਼ਾਇਰਾਂ ਨੇ ਇਨ੍ਹਾਂ ਛੰਦਾ ਨੂੰ ਬਖੂਬੀ ਨਿਭਾਇਆ ਹੈ ਅਤੇ ਅੱਜ ਵੀ ਕਈ ਕਵੀ-ਸਾਹਿਬਾਨ ਕੁਝ ਖਾਸ ਛੰਦਾਂ (ਦੋਹਰੇ ਆਦਿ) ਵਿਚ ਕਵਿਤਾ ਲਿਖ ਰਹੇ ਹਨ।
ਲਫ਼ਜ਼ਾਂ ਦਾ ਪੁਲ ਦਾ ਮੰਨਣਾ ਹੈ ਕਿ ਉਪਰੋਕਤ ਸਿਨਫਾਂ ਦੇ ਨਾਲ ਹੀ ਇਸ ਦੌਰ ਵਿਚ ਖੁੱਲੀ ਕਵਿਤਾ ਦਾ ਹੀ ਅਹਿਮ ਸਥਾਨ ਹੈ। ਗ਼ਜ਼ਲ ਦੇ ਹਾਮੀ ਉਸਤਾਦ ਖੁੱਲੀ ਕਵਿਤਾ ਤੋਂ ਗੁਰੇਜ਼ ਕਰਦੇ ਹਨ, ਫਿਰ ਵੀ ਖੁੱਲੀ ਕਵਿਤਾ ਨੇ ਪੰਜਾਬੀ ਵਿਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਕਵਿਤਾ ਵਿਚ ਕਾਫ਼ੀਆਂ-ਰਦੀਫ਼ (ਤੁਕਾਂਤ) ਨਿਭਾਉਣੇ ਲਾਜ਼ਮੀ ਨਹੀਂ, ਯਾਨਿ ਸਤਰ ਦੇ ਅਖੀਰ ਵਿਚ ਆਉਣ ਵਾਲੇ ਅੱਖਰਾਂ ਨੂੰ ਮਿਲਾਉਣਾ ਜਰੂਰੀ ਨਹੀਂ, ਇਸ ਦੇ ਬਾਵਜੂਦ ਲੈਅ-ਤਾਲ ਵਿਚ ਲਿਖੀ ਕਵਿਤਾ 'ਖੁੱਲੀ ਕਵਿਤਾ' ਅਖਵਾਉਂਦੀ ਹੈ। ਇਹ ਖੁੱਲੀ ਕਵਿਤਾ ਦੀ ਹੁਣ ਤੱਕ ਪ੍ਰਚਲਿੱਤ ਪਰਿਭਾਸ਼ਾ ਹੈ। ਚਰਚਿਤ ਆਲੋਚਕ ਡਾ. ਗੁਰੂਮੇਲ ਸਿੱਧੂ ਆਪਣੀ ਕਿਤਾਬ 'ਖੁੱਲੀ ਕਵਿਤਾ ਦੇ ਮਾਪਦੰਡ' ਵਿਚ  ਉਪਰੋਕਤ ਪਰਿਭਾਸ਼ਾ ਨੂੰ ਅਧੂਰੀ ਮੰਨਦੇ ਹੋਏ, ਖੁੱਲੀ ਕਵਿਤਾ ਦੇ ਆਲਮੀ ਨਿਕਾਸ ਅਤੇ ਵਿਕਾਸ ਦੇ ਇਤਿਹਾਸ ਦੀ ਪੜ੍ਹਚੋਲ ਕਰਦਿਆਂ, ਇਸ ਦੀ ਪਰਿਭਾਸ਼ਾ ਇੰਝ ਦੱਸਦੇ ਹਨ।

"ਖੁੱਲੀ ਕਵਿਤਾ ਦੀ ਛੰਦਤਾ (ਛੰਦ-ਬੱਧਤਾ) ਸੰਖਿਆਵਾਦੀ ਰੀਤੀਆਂ ਤੋਂ ਮੁਕਤ ਤੋਲਬੱਧ ਸਤਰਾਂ ਦੇ ਸੰਗਠਨ ਦੀ ਵਿਉਂਤਬੰਦੀ 'ਤੇ ਆਧਾਰਤ ਹੈ।"
(ਖੁੱਲੀ ਕਵਿਤਾ ਦੇ ਮਾਪਦੰਡ-ਪੰਨਾ 166)

ਯਾਨੀ 'ਖੁੱਲੀ-ਕਵਿਤਾ' ਦੀ ਹਰ ਇਕ ਸਤਰ ਸੁਤੰਤਰ ਤੌਰ ਤੇ ਇਕ ਤੋਲ (ਜੋ ਪ੍ਰਚਲਿੱਤ ਤੋਲਾਂ ਦੇ ਬਰਾਬਰ ਜਾਂ ਨੇੜੇ-ਤੇੜੇ ਹੁੰਦੇ ਹਨ) ਵਿਚ ਬੱਝੀ ਹੋਈ ਹੈ, ਪਰ ਪ੍ਰਚਲਿੱਤ ਗਿਣਤੀ ਆਧਾਰਿਤ ਛੰਦਾ ਦੀ ਪਰੰਪਰਾ ਤੋਂ ਮੁਕਤ ਹੈ। । ਇਨ੍ਹਾਂ ਵੱਖ-ਵੱਖ ਤੋਲਾਂ ਵਾਲੀਆਂ (ਤੋਲਬੱਧ) ਸਤਰਾਂ ਦਾ ਸੰਗਠਿਤ ਸਮੂਹ ਖੁੱਲੀ ਕਵਿਤਾ ਅਖਵਾਉਂਦਾ ਹੈ। ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਵਿਚ 'ਖੁੱਲੀ ਕਵਿਤਾ' ਦੀ ਨੀਂਹ ਰੱਖੀ, ਜਿਸ ਤੋਂ ਬਾਅਦ ਦੀਵਾਨ ਸਿੰਘ ਕਾਲੇਪਾਣੀ, ਡਾ. ਜਸਬੀਰ ਸਿੰਘ ਆਹਲੂਵਾਲੀਆ,  ਹਰਿਭਜਨ ਸਿੰਘ, ਰਵਿੰਦਰ ਰਵੀ, ਪ੍ਰੋ. ਮੋਹਨ ਸਿੰਘ, ਪ੍ਰੀਤਮ ਸਿੰਘ ਸਫ਼ੀਰ, ਅੰਮ੍ਰਿਤਾ ਪ੍ਰੀਤਮ, ਸੋਹਣ ਸਿੰਘ ਮੀਸ਼ਾ, ਜਗਤਾਰ ਨੇ ਵੀ ਬਾ-ਕਮਾਲ ਖੁੱਲੀਆਂ ਕਵਿਤਾਵਾਂ ਰਚੀਆਂ। ਅੱਜ ਦੇ ਦੌਰ ਵਿਚ ਡਾ. ਸੁਰਜੀਤ ਪਾਤਰ, ਮੋਹਨਜੀਤ, ਪ੍ਰਮਿੰਦਰਜੀਤ ਅਤੇ ਡਾ. ਗੁਰੂਮੇਲ ਸਿੱਧੂ ਵਰਗੇ ਵਿਦਵਾਨ ਕਵੀ ਵੀ ਇਸ ਵਿਧਾ ਵਿਚ ਲਿਖ ਰਹੇ ਹਨ। ਇਸ ਸੂਚੀ ਵਿਚ ਹੋਰ ਵੀ ਕਈ ਚਰਚਿਤ ਨਾਮ ਸ਼ਾਮਿਲ ਹਨ, ਜੋ ਨਵੀਂ ਪੀੜੀ ਤੱਕ ਅੱਪੜਦੇ ਹਨ।
-ਦੀਪ ਜਗਦੀਪ ਸਿੰਘ
10:36 AM | 10 comments

ਰੇਡੀਓ

ਸ਼ਖ਼ਸੀਅਤ

ਪਾਠਕ

ਕਵਿਤਾ

ਕਾਵਿ-ਸੰਵਾਦ

ਮਦਦ