Saturday, May 2, 2009

ਇੰਟਰਨੈੱਟ 'ਤੇ ਪੰਜਾਬੀ ਲਿਖਣਾ ਸਿੱਖੋ

ਦੋਸਤੋ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਦੁਨੀਆਂ ਦੀਆਂ ਹਜ਼ਾਰਾਂ ਖੇਤਰੀ ਭਾਸ਼ਾਵਾਂ ਦੇ ਖਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।ਕੰਪਿਊਟਰ ਅਤੇ ਇੰਟਰਨੈੱਟ ਦੇ ਵੱਧਦੇ ਪਸਾਰੇ ਨਾਲ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਆਪਣੀ ਮਾਂ-ਬੋਲੀ ਨੂੰ ਵਕਤ ਦੇ ਹਾਣ ਦਾ ਬਣਾਉਣ ਦਾ ਇਹੀ ਵੇਲਾ ਹੈ। ਕੰਪਿਊਟਰ ‘ਤੇ ਆਮ ਪੰਜਾਬੀ ਟਾਈਪ ਕਰਨ ਨਾਲੋਂ ਇੰਟਰਨੈੱਟ ਵਾਸਤੇ ਪੰਜਾਬੀ ਲਿਖਣ ਲਈ ਨਵੀਂ ਅਤੇ ਵੱਖਰੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂ ਕਿ ਵੈੱਬਸਾਈਟ ‘ਤੇ ਲਿਖਿਆ ਗਿਆ ਪੂਰੀ ਦੁਨੀਆਂ ਵਿੱਚ ਦੇਖਿਆ ਪੜ੍ਹਿਆਂ ਜਾਂਦਾ ਹੈ ਇਸ ਲਈ ਆਮ ਪੰਜਾਬੀ ਕੰਪਿਊਟਰ ਟਾਈਪ ਨਾਲੋਂ ਇੰਟਰਨੈੱਟ ‘ਤੇ ਪੰਜਾਬੀ ਲਿਖਣ ਦੇ ਲਈ ਕਈ ਵੱਖਰੇ ਵੱਖਰੇ ਢੰਗ ਹਨ, ਜਿਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਆਪਣੀ ਸਹੂਲਤ ਲਈ ਵਰਤਿਆ ਜਾ ਸਕਦਾ ਹੈ।ਲਫ਼ਜ਼ਾਂ ਦਾ ਪੁਲ ਉੱਪਰ ਅਸੀ ਪੰਜਾਬੀ ਲਿਖਣ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ ਕਰ ਰਹੇ ਹਾਂ।ਇਸ ਜਾਣਕਾਰੀ ਨੂੰ ਅਸੀ ਆਨਲਾਈਨ ਪੰਜਾਬੀ ਟਾਈਪਿੰਗ ਸਿੱਖਣ ਦੇ ਚਾਹਵਾਨ ਸਾਥੀਆਂ ਦੇ ਹਿਸਾਬ ਨਾਲ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।


ਨੋਟ: ਇਹ ਸਾਰੀ ਜਾਣਕਾਰੀ ਵਿੰਡੋਜ਼ ਐਕਸ ਪੀ ਜਾਂ ਇਸ ਤੋਂ ਨਵੇਂ ਵਰਜ਼ਨ ਦੇ ਓਪਰੇਟਿੰਗ ਸਿਸਟਮ ਲਈ ਹੈ। ਇਸ ਤੋਂ ਪੁਰਾਣੇ ਓਪਰੇਟਿੰਗ ਸਿਸਟਮ ਯੂਨੀਕੋਡ ਫੌਂਟ ਚਲਾਉਣ 'ਚ ਅਸਮਰੱਥ ਹਨ।


*ਪਹਿਲੀ ਸ਼੍ਰੇਣੀ
ਜਿਹੜੇ ਸਾਥੀ ਪਹਿਲੀ ਵਾਰ ਪੰਜਾਬੀ ਟਾਈਪਿੰਗ ਸਿੱਖ ਰਹੇ ਹਨ।

*ਦੂਸਰੀ ਸ਼੍ਰੇਣੀ
ਜਿਹੜੇ ਸਾਥੀ ਕੰਪਿਊਟਰ ‘ਤੇ ਸਤਲੁਜ, ਗੁਰਮੁਖੀ, ਅਨਮੋਲ ਲਿੱਪੀ, ਚਾਤ੍ਰਿਕ ਜਾਂ ਹੋਰ ਕੋਈ ਫੌਂਟ ਵਰਤ ਕੇ ਪੰਜਾਬੀ ਟਾਈਪ ਕਰ ਰਹੇ ਹਨ, ਪਰ ਇੰਟਰਨੈੱਟ ‘ਤੇ ਪੰਜਾਬੀ ਟਾਇਪ ਕਰਨਾ ਸਿੱਖਣਾ ਚਾਹੁੰਦੇ ਹਨ।

ਪਹਿਲੀ ਸ਼੍ਰੇਣੀ ਦੇ ਸਾਥੀਆਂ ਲਈ ਪੰਜਾਬੀ ਟਾਈਪ ਦੇ ਢੰਗ
ਉਹ ਸਾਥੀ ਜਿਹੜੇ ਇੰਟਰਨੈੱਟ ‘ਤੇ ਰੋਮਨ ਵਿੱਚ ਪੰਜਾਬੀ ਲਿਖ ਕੇ (ਅੰਗ੍ਰੇਜੀ ਵਿੱਚ ਪੰਜਾਬੀ ਲਿਖਣ ਨੂੰ ਰੋਮਨ ਪੰਜਾਬੀ ਕਿਹਾ ਜਾਂਦਾ ਹੈ, ਜਿਵੇਂ ਆਮ ਤੌਰ ਤੇ ਮੋਬਾਈਲ ਐਸਐਮਐਸ ਜਾਂ ਚੈਟ ‘ਚ ਲਿਖੀ ਜਾਂਦੀ ਹੈ) ਚੈਟ ਕਰਦੇ ਹਨ, ਓਰਕੁਟ, ਮਾਈ ਸਪੇਸ, ਫੇਸ ਬੁੱਕ ਜਾਂ ਹੋਰ ਕਿਸੇ ਵੈੱਬਸਾਈਟ ‘ਤੇ ਸਕਰੈਪ ਜਾਂ ਈ-ਮੇਲ ਟਾਈਪ ਕਰਦੇ ਹਨ, ਉਹ ਬੜੀ ਆਸਾਨੀ ਨਾਲ ਅੰਗ੍ਰਜ਼ੀ ਵਿੱਚ ਹੀ ਲਿਖ ਕੇ ਪੰਜਾਬੀ ਟਾਈਪ ਕਰ ਸਕਦੇ ਹਨ। ਇਸ ਦੇ ਲਈ ਵੱਖ ਵੱਖ ਟੂਲਜ਼ ਉੱਪਲਬਧ ਹਨ।

ਟੂਲ/ਔਜਾਰ ਨੰਬਰ 1

ਨਾਮ| ਬਰਾਹਾ ਟੂਲ।
ਵਰਤੋਂ| ਔਫਲਾਈਨ ਵਰਤਿਆ ਜਾ ਸਕਦਾ ਹੈ।
ਖ਼ਾਸ| ਪੰਜਾਬੀ ਅਤੇ ਹਿੰਦੀ ਸਮੇਤ ਭਾਰਤ ਦੀਆਂ ਕਈ ਭਾਸ਼ਾਵਾ ਵਿੱਚ ਟਾਈਪ ਕਰਨ ਦੀ ਸਹੂਲਤ


ਸੱਭ ਤੋਂ ਪ੍ਰਚਲਿੱਤ ਟੂਲ ਬਰਾਹਾ ਟੂਲ ਹੈ। ਇਸ ਟੂਲ ਰਾਹੀਂ ਤੁਸੀ ਅੰਗ੍ਰੇਜ਼ੀ ਵਿੱਚ ਐੱਸ.ਐਮ.ਐੱਸ ਜਾਂ ਚੈਟ ਵਾਂਗ ਹੀ ਟਾਈਪ ਕਰੋਗੇ ਅਤੇ ਇੱਕ ਕਲਿੱਕ ਦੇ ਨਾਲ ਹੀ ਲਿਖੇ ਹੋਏ ਸਾਰੇ ਦੇ ਸਾਰੇ ਸ਼ਬਦ ਪੰਜਾਬੀ (ਗੁਰਮੁਖੀ) ਵਿੱਚ ਬਦਲ ਜਾਣਗੇ।ਫਿਰ ਤੁਸੀ ਇਸਨੂੰ ਕਾਪੀ ਕਰਕੇ ਇੰਟਰਨੈੱਟ ‘ਤੇ ਈ-ਮੇਲ, ਚੈਟ ਜਾਂ ਕਿਤੇ ਵੀ ਪੇਸਟ ਕਰ ਸਕੋਗੇ। ਇਸ ਵਿੱਚ ਇੱਕ ਖਾਸ ਗੱਲ ਧਿਆਨ ਰੱਖਣ ਵਾਲੀ ਹੈ ਕਿ ਰੋਮਨ ਵਿੱਚ ਲਿਖਦੇ ਹੋਏ ਪੰਜਾਬੀ ਦੇ ਸ਼ਬਦ ਬਿਲਕੁਲ ਸੱਪਸ਼ਟ ਅਤੇ ਸਹੀ ਸਪੈਲਿੰਗ ਵਿੱਚ ਲਿਖਣੇ ਹੁੰਦੇ ਹਨ, ਤੁਸੀ ਆਪਣੀ ਮਰਜ਼ੀ ਦੇ ਸਪੈਲਿੰਗ ਨਹੀਂ ਬਣਾ ਸਕਦੇ। ਥੋੜੀ ਜਿਹੀ ਪ੍ਰੈਕਟਿਸ ਨਾਲ ਤੁਸੀ ਇਹ ਆਸਾਨੀ ਨਾਲ ਸਿੱਖ ਸਕਦੇ ਹੋ। ਇਸ ਟੂਲ ਨੂੰ ਡਾਊਨਲੋਡ ਕਰਨ ਲਈ ਹੇਠ ਲਿਖੇ ਲਿੰਕ ‘ਤੇ ਕਲਿੱਕ ਕਰੋ।
http://www.baraha.com/baraha.htm

ਇਸ ਟੂਲ ਦੇ ਨਾਲ ਪੰਜਾਬੀ ਟਾਇਪਿੰਗ ਦੀ ਵਿਸਤਾਰ ਨਾਲ ਜਾਣਕਾਰੀ ਲੈਣ ਲਈ ਅਤੇ ਟਾਈਪ ਦੇ ਨਮੂਨੇ ਦੇਖਣ ਲਈ ਇੱਥੇ ਕਲਿੱਕ ਕਰੋ।
http://madad.lafzandapul.com/2009/01/punjabi-typing-tutor.html

ਟੂਲ/ਔਜਾਰ ਨੰਬਰ 2

ਨਾਮ| ਲਿੱਪੀਕਾਰ (ਫਾਈਰਫੌਕਸ ਪਲੱਗ ਇਨ ਜਾਂ ਡੈਸਕਟੋਪ ਔਜਾਰ ਦੋਵੇਂ ਤਰਾਂ ਉਪਲਬੱਧ ਹੈ।
ਵਰਤੋਂ| ਔਨ-ਲਾਈਨ/ਔਫਲਾਈਨ ਵਰਤਿਆ ਜਾ ਸਕਦਾ ਹੈ।
ਖ਼ਾਸ| ਮੋਬਾਈਲ ਫੋਨ ‘ਤੇ ਐਸ.ਐਮ.ਐਸ ਟਾਈਪ ਕਰਨ ਵਾਂਗ ਸਿੱਧੇ ਇੰਟਰਨੈੱਟ ‘ਤੇ ਟਾਈਪ ਕਰ ਸਕਦੇ ਹੋ, ਕਾਪੀ ਪੇਸਟ ਦੀ ਲੋੜ ਨਹੀਂ ਪੈਂਦੀ।


ਫਾਇਰਫੌਕਸ ਇੰਟਰਨੈੱਟ ਐਕਸਪਲੋਰਲ ਵਰਗਾ ਹੀ ਇੱਕ ਵੈੱਬ ਬ੍ਰਾਊਜ਼ਰ ਹੈ, ਜਿਹੜਾ ਤਕਨੀਕੀ ਪੱਧਰ ‘ਤੇ ਕਾਫੀ ਮਜ਼ਬੂਤ ਹੈ। ਲਿਪੀਕਾਰ ਉਸਦਾ ਇੱਕ ਫਰੀ ਪੱਲਗਇਨ ਔਜਾਰ ਹੈ, ਜਿਸਨੂੰ ਇੰਸਟਾਲ ਕਰਕੇ ਮੋਬਾਈਲ ਫੋਨ ‘ਤੇ ਐਸ.ਐਮ.ਐਸ. ਟਾਈਪ ਕਰਨ ਵਾਂਗ ਪੰਜਾਬੀ ਸਮੇਤ ਭਾਰਤ ਦੀਆਂ 17 ਭਾਸ਼ਾਵਾਂ ਵਿੱਚ ਟਾਈਪ ਕੀਤਾ ਜਾ ਸਕਦਾ ਹੈ।ਇਸਦੇ ਨਾਲ ਹੀ ਇੰਟਰਨੈੱਟ ਐਕਸਪਲੋਰਰ ਵਰਤਣ ਵਾਲੇ ਵਿੰਡੋਜ਼ ਦੇ ਟੂਲ ਦੇ ਰੂਪ ਵਿੱਚ ਇਸਨੂੰ ਡਾਊਨਲੋਡ ਕਰਕੇ ਔਨਲਾਈਨ ‘ਤੇ ਔਫਲਾਈਨ ਵਰਤ ਸਕਦੇ ਹਨ। ਇਸ ਔਜਾਰ ਨੂੰ ਡਾਊਨਲੋਡ ਕਰਨ ਲਈ ਅਤੇ ਪੂਰੀ ਜਾਣਕਾਰੀ ਲੈਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ।
http://www.lipikaar.com/

ਹੋਰ ਆਨਲਾਈਨ ਟੂਲ

ਹੇਠ ਲਿਖੇ ਲਿੰਕਸ ‘ਤੇ ਜਾ ਕੇ ਆਨਲਾਈਨ ਪੰਜਾਬੀ ਟਾਈਪ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਕਾਪੀ-ਪੇਸਟ ਰਾਹੀਂ ਕਿਤੇ ਵੀ ਵਰਤਿਆ ਜਾ ਸਕਦਾ ਹੈ।

ਇਸ ਵੈੱਬਾਸਾਈਟ ‘ਤੇ ਪੰਜਾਬੀ ਦਾ ਕੀ-ਬੋਰਡ ਵੀ ਮੌਜੂਦ ਹੈ, ਜਿਸ ਨੂੰ ਦੇਖ-ਦੇਖ ਕੇ ਆਸਾਨੀ ਨਾਲ ਪੰਜਾਬੀ ਟਾਈਪ ਕੀਤੀ ਜਾ ਸਕਦੀ ਹੈ ਅਤੇ ਅਭਿਆਸ ਨਾਲ ਟਾਈਪ ਸਿੱਖੀ ਵੀ ਜਾ ਸਕਦੀ ਹੈ।
http://kaulonline.com/uninagari/gurumukhi/


ਇਸ ਵੈੱਬਸਾਈਟ ‘ਤੇ ਵੀ ਰੋਮਨ ਟਾਈਪਿੰਗ ਵਾਂਗ ਆਸਾਨੀ ਨਾਲ ਪੰਜਾਬੀ ਟਾਈਪ ਕਰਕੇ ਉਸਨੂੰ ਕਾਪੀ-ਪੇਸਟ ਰਾਹੀਂ ਕਿਤੇ ਵੀ ਵਰਤਿਆ ਜਾ ਸਕਦਾ ਹੈ।ਇੱਥੇ ਖਾਸ ਗੱਲ ਇਹ ਹੈ ਕਿ ਨਵੇਂ ਸਾਥੀਆਂ ਲਈ ਟਾਈਪ ਕਰਨ ਦੇ ਢੰਗ ਸਿਖਾਉਣ ਲਈ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ।
http://www.quillpad.com/punjabi/

ਦੂਸਰੀ ਸ਼੍ਰੇਣੀ ਦੇ ਸਾਥੀਆਂ ਲਈ ਪੰਜਾਬੀ ਟਾਈਪ ਦੇ ਢੰਗ

ਦੋਸਤੋ ਜੇਕਰ ਤੁਸੀ ਪਹਿਲਾਂ ਤੋਂ ਕੰਪਿਊਟਰ ‘ਤੇ ਧਨੀਰਾਮ ਚਾਤ੍ਰਿਕ, ਅਨਮੋਲ ਲਿੱਪੀ, ਪੰਜਾਬੀ ਫੌਂਟ, ਗੁਰਲਿੱਪੀ, ਸਤਲੁਜ ਫੌਂਟ ਵਿੱਚ ਪਹਿਲਾਂ ਤੋਂ ਟਾਈਪ ਕਰ ਰਹੇ ਹੋ, ਪਰ ਇੰਟਰਨੈੱਟ ‘ਤੇ ਪੰਜਾਬੀ ਟਾਈਪ ਕਰਨਾ ਚਾਹੁੰਦੇ ਹੋ। ਉਸ ਲਈ ਮੁੱਖ ਤੌਰ ‘ਤੇ ਦੋ ਢੰਗ ਹਨ।

ਗੂਕਾ ਫੌਂਟ ਕਨਵਰਟਰ
ਪਹਿਲਾ ਢੰਗ ਗੂਕਾ ਫੌਂਟ ਕਨਵਰਟਰ ਹੈ, ਜਿਸ ਰਾਹੀਂ ਤੁਸੀ ਪੰਜਾਬੀ ਵਿੱਚ (ਧਨੀਰਾਮ ਚਾਤ੍ਰਿਕ, ਅਨਮੋਲ ਲਿੱਪੀ, ਪੰਜਾਬੀ ਫੌਂਟ, ਗੁਰਲਿੱਪੀ, ਸਤਲੁਜ) ਟਾਈਪ ਕੀਤੀ ਹੋਈ ਫਾਈਲ ਨੂੰ ਯੂਨੀਕੋਡ ਫੌਂਟ ਵਿੱਚ ਤਬਦੀਲ ਕਰ ਸਕਦੇ ਹੋ। ਫਿਰ ਇਨ੍ਹਾਂ ਨੂੰ ਕਾਪੀ-ਪੇਸਟ ਰਾਹੀਂ ਇੰਟਰਨੈੱਟ ‘ਤੇ ਕਿਤੇ ਵੀ ਵਰਤ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਇਸ ਨਾਲ ਤੁਸੀ ਆਪਣੇ ਪਹਿਲਾਂ ਤੋਂ ਲਿਖੇ ਸੈਂਕੜੇ ਸਫੇ ਇਕ ਹੀ ਕਲਿੱਕ ਨਾਲ ਯੂਨੀਕੋਡ ਵਿੱਚ ਤਬਦੀਲ ਕਰਕੇ ਇੰਟਟਨੈੱਟ 'ਤੇ ਪ੍ਰਕਾਸ਼ਿਤ ਕਰ ਸਕਦੇ ਹੋ।

ਗੂਕਾ ਡਾਊਨਲੋਡ ਕਰਨ ਲਈ ਅਤੇ ਇਸ ਨੂੰ ਵਰਤਣ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ ਇਸ ਲਿੰਕ 'ਤੇ ਜਾਉ।
http://guca.sourceforge.net/pa/applications/guca/
ਜੇਕਰ ਇਸ ਨੂੰ ਵਰਤਣ ਵਿੱਚ ਤੁਹਾਨੂੰ ਦਿੱਕਤ ਮਹਿਸੂਸ ਹੋ ਰਹੀ ਹੈ ਤਾਂ ਤੁਸੀ ਸਾਨੂੰ ਸੰਪਰਕ ਕਰ ਸਕਦੇ ਹੋ।

ਆਪਣੀ ਪਸੰਦ ਦੇ ਫੌਂਟ ਵਾਲਾ ਕੀ-ਬੋਰਡ ਇੰਸਟਾਲ ਕਰੋ, ਦਿਲ ਖੌਲ ਕੇ ਪੰਜਾਬੀ ਲਿਖੋ
ਦੂਸਰਾ ਢੰਗ ਆਪਣੇ ਕੰਮਪਿਊਟਰ ‘ਤੇ ਪੰਜਾਬੀ ਕੀ-ਬੋਰਡ ਇੰਸਟਾਲ ਕਰਕੇ ਤੁਸੀ ਅੰਗਰੇਜੀ ਵਾਂਗ ਸਿੱਧੇ ਇੰਟਰਨੈੱਟ ‘ਤੇ ਪੰਜਾਬੀ ਵੀ ਟਾਈਪ ਕਰ ਸਕਦੇ ਹੋ। ਫਿਰ ਕਾਪੀ ਪੇਸਟ ਕਰਨ ਦੀ ਲੋੜ ਨਹੀਂ ਪੈਂਦੀ।ਇਸ ਢੰਗ ਦੀ ਸ਼ੂਰੁਆਤ ਵਿੱਚ ਤੁਹਾਨੂੰ ਇੰਸਟਾਲੇਸ਼ਨ ਵਾਸਤੇ ਥੋੜੀ ਮਿਹਨਤ ਕਰਨੀ ਪਵੇਗੀ, ਪਰ ਇੱਕ ਵਾਰੀ ਇਸ ਤਰ੍ਹਾਂ ਕਰਕੇ ਹਮੇਸ਼ਾ ਦੀ ਸਹੂਲਤ ਹੋ ਜਾਵੇਗੀ।

ਅੱਗੇ ਲਿਖੇ ਢੰਗ ‘ਤੇ ਅਮਲ ਕਰਦੇ ਹੋਏ ਆਪਣੀ ਪਸੰਦ ਦਾ ਕੀ-ਬੋਰਡ ਅਤੇ ਯੂਨੀਕੋਡ ਫੌਂਟ ਆਪਣੇ ਕੰਪਪਿਊਟਰ ‘ਤੇ ਇੰਸਟਾਲ ਕਰ ਸਕਦੇ ਹੋ।

ਸਭ ਤੋਂ ਪਹਿਲਾਂ ਆਪਣੀ ਚੌਣ ਦੇ ਫੌਂਟ (ਧਨੀਰਾਮ ਚਾਤ੍ਰਿਕ, ਅਨਮੋਲ ਲਿੱਪੀ ਆਦਿ) ਦਾ ਯੂਨੀਕੋਡ ਫੌਂਟ ਡਾਊਨਲੋਡ ਕਰਨ ਲਈ ਇਸ ਲਿੰਕ ‘ਤੇ ਜਾਉ ਅਤੇ ਇੱਥੌਂ ਫੌਂਟ ਡਾਊਨਲੋਡ ਕਰਕੇ ਆਪਣੇ ਫੌਂਟਸ ਫੋਲਡਰ ਵਿੱਚ ਇੰਸਟਾਲ ਕਰੋ।
http://www.gurbanifiles.org/unicode/

ਹੁਣ ਇਸੇ ਵੈਬਸਾਈਟ ਤੋਂ ਸਭ ਤੋਂ ਹੇਠਾਂ ਜਾ ਕੇ ਆਪਣੇ ਫੌਂਟ ਵਾਲਾ ਕੀ-ਬੋਰਡ ਡਾਊਨਲੋਡ ਕਰੋ। ਇਹ ਕੀ-ਬੋਰਡ ਜ਼ਿਪ ਫੋਰਮੈਟ ਵਿੱਚ ਹੈ। ਇਸ ਲਈ ਇਸਨੂੰ ਪਹਿਲਾਂ ਅਨਜ਼ਿਪ ਕਰੋ।(ਇਸਦੇ ਲਈ ਵਿਨਜ਼ਿਪ ਸਾਫਟਵੇਅਰ ਦੀ ਲੋੜ ਪਵੇਗੀ) ਜ਼ਿਪ ਫੋਲਡੋਰ ਤੋਂ ਸੈਟਅੱਪ ਫਾਈਲ ਨੂੰ ਕਿਸੇ ਹੋਰ ਫੋਲਡਰ ਵਿੱਚ ਜ਼ਰੂਰ ਟਰਾਂਸਫਰ ਕਰ ਲਓ, ਨਹੀਂ ਤਾਂ ਇਹ ਕੰਮ ਨਹੀਂ ਕਰੇਗਾ।
http://www.gurbanifiles.org/unicode/

ਹੁਣ ਅਗਲਾ ਕੰਮ ਇਸ ਕੀ-ਬੋਰਡ ਨੂੰ ਵਰਤਣ ਲਈ ਸੈਟਿੰਗ ਕਰਨ ਦਾ ਹੈ।ਇਸ ਲਈ ਵਿੰਡੋਜ਼ ਦੀ ਸੀਡੀ ਦੀ ਲੋੜ ਪਵੇਗੀ। ਸੀਡੀ ਡਰਾਈਵ ਵਿੱਚ ਵਿੰਡੋਜ਼ ਦੀ ਸੀਡੀ ਪਾਓ।

ਸਟਾਰਟ ਬਟਨ ‘ਤੇ ਕਲਿੱਕ ਕਰੋ। ਸੈਟਿੰਗ ਵਿੱਚ ਜਾਓ ਅਤੇ ਕੰਟਰੋਲ ਪੈਨਲ ਖੋਲੋ।


ਕੰਟਰੋਲ ਪੈਨਲ ਵਿੱਚ ਰੀਜਨਲ ਐਂਡ ਲੈਗਵੇਜ ਆਪਸ਼ਨਸ ‘ਤੇ ਡਬਲ ਕਲਿੱਕ ਕਰੋ।


ਇਸ ਵਿੱਚ ਲੈਂਗਵੇਜਸ(language) ਬਟਨ ਨੂੰ ਚੁਣੋ। "Install files for complex script and right-to-left languages (including Thai)" ‘ਤੇ ਸਹੀ(ਠੀਕ)ਦਾ ਨਿਸ਼ਾਨ ਲਾਉ ਅਤੇ ਓਕੇ ‘ਤੇ ਕਲਿੱਕ ਕਰੋ।
ਕੰਪਿਊਟਰ ਨੂੰ ਰੀਸਟਾਰਟ ਕਰੋ।

ਕੀ-ਬੋਰਡ ਇੰਸਟਾਲ ਕਰਨ ਤੋਂ ਬਾਦ ਹੁਣ ਉਹ ਵਰਤੇ ਜਾਣ ਲਈ ਤਿਆਰ ਹੈ।ਪੰਜਾਬੀ ਕੀ-ਬੋਰਡ ਨੂੰ ਵਰਤਣ ਲਈ ਇਸ ਨੂੰ ਤੁਹਾਡੇ ਕੰਪਿਊਟਰ ਲਈ ਚੁਣਨਾ ਹੋਵੇਗਾ।

ਪਹਿਲਾਂ ਵਾਂਗ ਦੱਸੇ ਢੰਗ ਨਾਲ language 'ਤੇ ਜਾਉ। ਉਸ ਵਿੱਚ ਨਜ਼ਰ ਆ ਰਹੇ ਡਿਟੇਲਜ਼ Details... ਬਟਨ ‘ਤੇ ਕਲਿੱਕ ਕਰੋ।


ਐਡ ਬਟਨ ‘ਤੇ ਕਲਿੱਕ ਕਰੋ।


ਇਨਪੁਟ ਲੈਂਗਵੇਜ ਵਿੱਚ ਪੰਜਾਬੀ ਚੁਣੋ ਅਤੇ ਕੀ-ਬੋਰਡ ਲੇਆਊਟ/ਆਈਐਮਈ ਵਿੱਚ ਆਪਣਾ ਕੀ-ਬੋਰਡ ਚੁਣੋ (ਪਹਿਲਾਂ ਤੋਂ ਓੱਥੇ ਪੰਜਾਬੀ ਚੁਣਿਆ ਹੋਵੇਗਾ। ਉਸਦੀ ਜਗ੍ਹਾਂ ਆਪਣੀ ਪਸੰਦ ਦੇ ਫੌਂਟ ਵਾਲਾ ਕੀ-ਬੋਰਡ ਚੁਣੋ)।

ਓਕੇ ਕਰੋ। ਤੁਹਾਡੀ ਟਾਸਕ ਬਾਰ ‘ਤੇ ਇੱਕ ਬਟਨ ਆ ਜਾਵੇਗਾ। ਉਸ ਵਿੱਚ EN ਚੁਣਨ 'ਤੇ ਤੁਹਾਡਾ ਕੀ-ਬੋਰਡ ਅੰਗਰੇਜ਼ੀ ਵਿੱਚ ਅਤੇ PA ਚੁਨਣ 'ਤੇ ਪੰਜਾਬੀ ਵਿੱਚ ਹੋ ਜਾਵੇਗਾ। ਹੁਣ ਤੁਸੀ ਆਸਾਨੀ ਨਾਲ ਮਾਊਸ ਨਾਲ ਆਪਣਾ ਕੀ-ਬੋਰਡ ਆਪਣੀ ਮਰਜ਼ੀ ਦਾ ਤੈਅ ਕਰ ਸਕਦੇ ਹੋ। ਇਸ ਕੀ-ਬੋਰਡ ਰਾਹੀਂ ਤੁਸੀ ਇੰਟਰਨੈੱਟ 'ਤੇ ਸਿੱਧੇ ਤੌਰ 'ਤੇ ਅੰਗਰੇਜ਼ੀ ਵਾਂਗ ਹੀ ਗੁਰਮੁਖੀ ਵੀ ਟਾਇਪ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀ ਕੱਟ-ਪੇਸਟ ਵਾਲੀ ਪ੍ਰਕਿਰਿਆ ਅਪਣਾਏ ਬਿਨ੍ਹਾਂ ਆਸਾਨੀ ਨਾਲ ਗੁਰਮੁਖੀ ਟਾਈਪ ਕਰ ਸਕਦੇ ਹੋ।

ਦੋਸਤੇ ਇਹ ਸਾਰੇ ਹੀ ਪੰਜਾਬੀ (ਗੁਰਮੁਖੀ) ਟਾਈਪਿੰਗ ਦੇ ਔਜ਼ਾਰ ਵੱਖ ਵੱਖ ਕੰਪਿਊਟਰ ਤਕਨੀਕ ਮਾਹਿਰਾਂ ਵੱਲੋਂ ਆਪਣੀ ਅਥਾਹ ਮਿਹਨਤ ਅਤੇ ਸਾਲਾਂ ਬੱਧੀ ਲੰਬੇ ਚੱਲੇ ਪ੍ਰਯੋਗਾਂ ਦੇ ਕਾਰਣ ਤਿਆਰ ਹੋ ਸਕੇ ਹਨ। ਜਿਨ੍ਹਾਂ ਦਾ ਮਕਸਦ ਪੰਜਾਬੀ ਨੂੰ ਤਕਨੀਕ ਦੇ ਜ਼ਰੀਏ ਵਕਤ ਦੇ ਹਾਣ ਦੀ ਬਣਾ ਕੇ ਗਲੋਬਲ ਭਾਸ਼ਾ ਦੀ ਕਤਾਰ ਵਿੱਚ ਸਭ ਤੋਂ ਮੂਹਰੇ ਖੜ੍ਹੇ ਕਰਨ ਦਾ ਹੈ। ਆਪ ਸਭ ਅੱਗੇ ਬੇਨਤੀ ਹੈ ਕਿ ਇਨ੍ਹਾਂ ਔਜ਼ਾਂਰਾਂ ਨੂੰ ਬਿਨ੍ਹਾਂ ਸੰਬੰਧਿਤ ਮਾਹਿਰ ਦੀ ਇਜਾਜ਼ਤ ਲਏ ਬਿਨ੍ਹਾਂ ਇਨ੍ਹਾਂ ਦੀ ਕਮਰਸ਼ਿਅਲ ਵਰਤੋਂ ਨਾ ਕੀਤੀ ਜਾਵੇ। ਸਾਡਾ ਟੀਚਾ ਸਿਰਫ ਇਸ ਸਾਰੀ ਤਕਨੀਕ ਨੂੰ ਤੁਹਾਡੇ ਰੂ-ਬ-ਰੂ ਕਰਵਾਉਣਾ ਸੀ, ਤਾਂ ਕਿ ਸਾਰਿਆਂ ਨੂੰ ਉਪਲਬੱਧ ਤਕਨੀਕ ਬਾਰੇ ਢੁੱਕਵੀਂ ਜਾਣਕਾਰੀ ਦਿੱਤੀ ਜਾ ਸਕੇ। ਲਫ਼ਜਾਂ ਦਾ ਪੁਲ ਇਨ੍ਹਾਂ ਨਾਲ ਜੁੜੇ ਤਕਨੀਕੀ ਅਤੇ ਕਨੂੰਨਾਂ ਪਹਿਲੂਆਂ ਲਈ ਜਿੰਮੇਵਾਰ ਨਹੀਂ ਹੈ। ਕਿਸੇ ਵੀ ਔਜ਼ਾਰ ਨੂੰ ਵਰਤਣ ਲਈ ਸੰਬੰਧਿਤ ਨਿਯਮਾਂ 'ਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹ ਲਵੋ। ਇਸੇ ਤਰ੍ਹਾਂ ਵਾਇਰਸ ਜਾਂ ਹੋਰ ਕਿਸੇ ਤਕਨੀਕੀ ਖਤਰੇ ਬਾਰੇ ਵੀ ਸੂਝਵਾਨ ਸਾਥੀ ਸੁਚੇਤ ਰਹਿਣ ਦੀ ਖੇਚਲ ਕਰਨ।

ਹੋਰ ਨਵੇਂ ਔਜ਼ਾਰ ਅਤੇ ਢੰਗ ਆਉਣ 'ਤੇ ਉਨ੍ਹਾਂ ਬਾਰੇ ਤਾਜ਼ਾ ਜਾਣਕਾਰੀ ਲਫ਼ਜ਼ਾਂ ਦਾ ਪੁਲ 'ਤੇ ਦਿੱਤੀ ਜਾਂਦੀ ਰਹੇਗੀ। ਜੇਕਰ ਤੁਹਾਡੇ ਕੋਲ ਹੋਰ ਵੀ ਕੋਈ ਤਰੀਕਾ ਹੈ ਤਾਂ ਉਸ ਬਾਰੇ ਜਾਣਕਾਰੀ ਭੇਜੋ। ਲਫ਼ਜ਼ਾਂ ਦਾ ਪੁਲ ਉਸਨੂੰ ਭੇਜਣ ਵਾਲੇ ਦੇ ਨਾਮ ਸਹਿਤ ਪ੍ਰਕਾਸ਼ਿਤ ਕਰਕੇ ਖੁਸ਼ੀ ਮਹਿਸੂਸ ਕਰੇਗਾ।

ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਸੀ ਧੰਨਵਾਦੀ ਹਾਂ, ਇੰਨ੍ਹਾਂ ਸਭ ਦੇ-

Sheshadrivasu Chandrasekharan, Baraha Software @ www.baraha.com

ਲਿੱਪੀਕਾਰ ਟੀਮ @ www.lipokaar.com

ਕੁਲਬੀਰ ਸਿੰਘ ਥਿੰਦ, ਐਮ.ਡੀ. @ http://www.gurbanifiles.org/

Tachyon Technologies @ http://www.quillpad.com/

ਸੁਖਜਿੰਦਰ ਸਿੱਧੂ @ http://guca.sourceforge.net/pa/

ਅਤੇ www.kaulonline.com

4 comments:

SOUL behind SCENE :- May 12, 2009 7:28 AM  

kamal e jnab, par vadda kmal taan udon hovega jdon asin guca download karn vich kamyab ho gaye te saada pc vi saade kahe mutabak kamm karn lagg pau.Pre vi tuhaade valon jaankaari den layi tuhaada shukria.
Bakhshinder

ਵਿਨੋਦ ਕੁਮਾਰ May 12, 2009 10:44 AM  

Dear , I am same system is telling earlier and you said me it is tough but know , you also follow this . I thing this system of typing in pubjabi is the best in the world .

ਇਸ ਤੋ ਚੰਗੀ ਵਿਧੀ ਪੰਜਾਬੀ ਲਿਖਣ ਦੀ ਕੋਈ ਹੋਰ ਨਹੀ ਹੋ ਸਕਦੀ

One more question , I want to know have you buy this domain or hire . I buy from which company or you have buy from blogger.com or any other or tell me at what price you have spent for this . I am interested to change my blog from blogspot to own domain . Please tell me also it benefits . I hope , you will soon me reply .
Advance thanks from your friend and your blog reader

Vinod kumar

ਵਿਨੋਦ ਕੁਮਾਰ May 12, 2009 5:06 PM  

ਧੰਨਵਾਦ ਸਰਦਾਰ ਜਗਦੀਪ ਸਿੰਘ ਜੀ ਤੇ ਦੁਬਾਰਾ ਮੈ ਇਸੇ ਮੰਚ ਤੇ ਕਮੈਟ ਰਾਹੀ ਤੁਹਾਡੀ ਸਿਖਿਆ ਨੂੰ ਹੋਰ ਅਗੇ ਵਧਾਉਣ ਲਗਿਆ ਹਾਂ
ਪਿਆਰੇ ਦੋਸਤੋ

ਜਦੋ ਉਪਰੋਕਤ ਕੰਮ ਤੁਸੀ ਸਿਖ ਲਵੋ ਤਾ
ਕਮਪਿਉਟਰ ਦੇ ਸਟਾਰ ਬਟਨ ਤੇ ਕਲਿਕ ਕਰੋ

ਆਲ ਪਰੋਗਰਾਮ ਤੇ ਜਾਉ

ਫਿਰ ਅਸੈਸਰੀ ਤੇ ਜਾਉ

ਉਸ ਤੋ ਬਆਦ ਆਕਸੈਸਬਲਟੀ ਤੇ ਕਲਿਕ ਕਰੋ

ਤੇ ਫਿਰ ਆਨ ਸਕਰੀਨ ਕੀਬੋਰਡ ਤੇ ਕਲਿਕ ਕਰੋ

ਇਸ ਤੇ ਬਆਦ ਤੁਸੀ ਹੇਠ ਲਿਖੀ ਪੋਪ ਅਪ ਵਿਡੋ ਦੇਖੋਗੇ
ਇਸ ਤੇ ਬਆਦ ਹੇਠਾਂ ਤੁਸੀ ਇਕ ਬਟਨ ਰਾਇਟ ਸਾਇਡ ਹੋਰ ਵੀ ਦੇਖੋਗੇਂ ਤੇ ਇਸ ਤੇ ਪੰਜਾਬੀ ਚੁਣੋ
ਇਸ ਨਾਲ ਤੁਸੀ ਸਾਰੇ ਪੰਜਾਬੀ ਅਖਰ ਆਨ ਸਕਰੀਨ ਕੀਬੋਰਡ ਤੇ ਵੀ ਦੇਖ ਸਕਦੇ ਹੋ ਜੇਕਰ ਤੁਹਾਡਾ ਆਭਿਆਸ ਪੰਜਾਬੀ ਟਾਇਪਿੰਗ ਦਾ ਨਹੀ ਹੈ ਤਾ ਵੀ ਤੁਸੀ ਮਾਉਸ ਨਾਲ ਪੰਜਾਬੀ ਤਾ ਲਿਖ ਹੀ ਲਵੋਗੇ

SURINDER RATTI September 30, 2009 1:08 PM  

Thank you so much lot of information about how to type in punjabi. I m new in this i can read punjabi but I want to learn type in gurmukhi even I tried to but not success Pls. advice me which are good fonts used (unicode) and I want to instaal those fonts.

  © Blogger templates The Professional Template by Ourblogtemplates.com 2008

Back to TOP